ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਪਵਿੱਤਰ ਗੁਟਕਾ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੀ ਸਹੁੰ ਚੁੱਕ ਕੇ ਮੁਕਰਨਾ ਗ਼ਲਤ ਹੈ। ਉਨ੍ਹਾਂ ਨੇ ਜਨਤਾ ਲਈ ਕੋਈ ਕੰਮ ਨਹੀਂ ਕੀਤਾ ਤੇ ਚਾਰ ਸਾਲ 'ਚ ਮਹਿਜ਼ ਜਨਤਾ ਨਾਲ ਧੋਖਾ ਕੀਤਾ ਹੈ। ਚਾਰ ਸਾਲਾਂ ਦੇ ਕਾਰਾਜਕਾਲ ਦੌਰਾਨ ਭ੍ਰਿਸ਼ਟਾਚਾਰ, ਘੁਟਾਲੇ, ਕੁਸ਼ਾਸਨ ਤੇ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਲਈ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਚ ਫੇਲ੍ਹ ਹੋਣ ਦੀ ਗੱਲ ਕਬੂਲਣ ਮਗਰੋਂ ਨੈਤਿਕ ਤੌਰ ’ਤੇ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ 90 ਹਜ਼ਾਰ ਕਰੋੜ ਰੁਪਏ ਦਾ ਕਿਸਾਨੀ ਕਰਜ਼ਾ ਮੁਆਫ ਕਰਨਗੇ, ਉਹ ਸਿਰਫ 4700 ਕਰੋੜ ਰੁਪਏ ਮੁਆਫ ਕਰਨ ਦਾ ਸਿਹਰਾ ਆਪਣੇ ਸਿਰ ਬੰਨ ਰਹੇ ਹਨ। ਜਦੋਂਕਿ ਇਹ ਰਕਮ ਤਾਂ ਮੁੱਖ ਮੰਤਰੀ ਵੱਲੋਂ ਕੀਤੇ ਵਾਅਦਿਆਂ ’ਤੇ ਆਪਣੀਆਂ ਕਿਸ਼ਤਾਂ ਨਾ ਭਰਨ ਵਾਲੇ ਕਿਸਾਨਾਂ ਨੁੰ ਲਗਾਏ ਗਏ ਜ਼ੁਰਮਾਨੇ ਜਿੰਨੀ ਵੀ ਨਹੀਂ ਹੈ।ਅਕਾਲੀ ਆਗੂ ਨੇ ਮੁੱਖ ਮੰਤਰੀ ਵੱਲੋਂ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਚੋਂ 85 ਫੀਸਦੀ ਪੂਰੇ ਕਰਨ ਦੇ ਝੁਠੇ ਦਾਅਵੇ ਦੀ ਨਿਖੇਧੀ ਕੀਤੀ। ਉਨ੍ਹਾਂ ਬਿਜਲੀ ਵੱਧ ਰੇਟਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ, ਆਮ ਲੋਕਾਂ ਤੇ ਨੌਜਵਾਨਾਂ ਨਾਲ ਕੀਤੇ ਗਏ ਕੋਈ ਵਾਅਦੇ ਪੂਰੇ ਨਹੀਂ ਕੀਤੇ ਗਏ। ਚੀਮਾ ਨੇ ਮੁੱਖ ਮੰਤਰੀ ਉੱਤੇ ਜਨਤਾ ਨਾਲ ਧੋਖਾ ਕਰਨ ਦੀ ਗੱਲ ਆਖੀ।
ਸੂਬੇ ਦੀ ਵਿੱਤੀ ਹਾਲਤ ਦੀ ਗੱਲ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਪ੍ਰਭਾਵ ਦਿੱਤਾ ਹੈ ਕਿ ਆਬਕਾਰੀ ਮਾਲੀਆ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿ ਜੇਕਰ ਅਜਿਹਾ ਹੈ ਤਾਂ ਫਿਰ 4 ਸਾਲਾਂ ਦੌਰਾਨ ਪੰਜਾਬ ਸਿਰ ਕਰਜ਼ਾ 1.73 ਲੱਖ ਕਰੋੜ ਰੁਪਏ ਤੋਂ ਵੱਧ ਕੇ 2.37 ਲੱਖ ਕਰੋੜ ਰੁਪਏ ਕਿਵੇਂ ਹੋ ਗਿਆ ? ਉਨ੍ਹਾਂ ਕਿਹਾ ਕਿ ਅਜਿਹਾ ਸਰਕਾਰ ਵੱਲੋਂ ਕੀਤੇ ਬੇਫਜ਼ੂਲ ਖਰਚੇ ਕਾਰਨ ਹੋਇਆ ਹੈ। ਕਿਉਂਕਿ ਸਰਕਾਰ ਨੇ ਤਾਂ ਪਿਛਲੇ ਸਾਲ ਪੂੰਜੀਗਤ ਖ਼ਰਚ ਸਿਰਫ 6822 ਕਰੋੜ ਰੁਪਏ ਕੀਤਾ ਹੈ।
ਡਾ. ਚੀਮਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸੂਬੇ 'ਚ ਪਿਛਲੇ ਚਾਰ ਸਾਲਾਂ ਦੌਰਾਨ ਹੋਏ ਘੁਟਾਲਿਆਂ ਦੀ ਗੱਲੀ ਕਰਨੀ ਭੁੱਲ ਗਏ ਭਾਵੇਂ ਉਹ 5600 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਘਾਟਾ ਹੋਇਆ ਹੈ। ਗੈਰ ਕਾਨੂੰਨ ਡਿਸਟੀਲਰੀਆਂ ਹੋਣ,ਪੀਐਸ ਪੀਸੀ ਐਲ ਨੂੰ ਪ੍ਰਾਈਵੇਟ ਕੰਪਨੀ ਨਾਲ ਰਲ ਕੇ ਪਏ 4 ਹਜ਼ਾਰ ਕਰੋੜ ਰੁਪਏ ਦਾ ਘਾਟਾ ਹੋਵੇ ਜਾਂ ਫਿਰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ 64 ਕਰੋੜ ਰੁਪਏ ਦੇ ਸਕਾਲਰਸ਼ਿਪ ਮਾਮਲੇ ਦਾ ਹੋਵੇ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕਿਵੇਂ ਇਹ ਵੀ ਦੱਸਣਾ ਭੁੱਲ ਗਏ ਕਿ ਉਹ ਆਉਂਦੇ ਹਾੜੀ ਸੀਜ਼ਨ ਦੌਰਾਨ ਐਫਸੀਆਈ ਵੱਲੋਂ ਖਰੀਦ ਲਈ ਲਗਾਈਆਂ ਸਖ਼ਤ ਸ਼ਰਤਾਂ ਤੇ ਪੰਜਾਬ ਚੋਂ ਅਨਾਜ ਦੀ ਖਰੀਦ ਲਈ ਜਾਣ ਬੁੱਝ ਕੇ ਨਿਯਮ ਸਖ਼ਤ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਣ 'ਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਵਧਾ ਕੇ ਲੋਕਾਂ ਦੀਆਂ ਤਕਲੀਫਾਂ ਤੋਂ ਆਪਣਾ ਮੁਨਾਫਾ ਕਮਾਇਆ ਹੈ।