ਚੰਡੀਗੜ੍ਹ: ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੌਜੂਦ ਹਾਲਤ ਠੀਕ ਨਹੀਂ ਹਨ ਜਿਸ ਕਾਰਨ ਉੱਥੇ ਦੇ ਸਿੱਖ ਪਰਿਵਾਰ ਭਾਰਤ ਆਉਣਾ ਚਾਹੁੰਦੇ ਹਨ। ਇਨ੍ਹਾਂ ਸਿੱਖ ਪਰਿਵਾਰਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਐਲਾਨ ਕੀਤਾ ਗਿਆ।
'ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਵੇਗੀ ਮਦਦ': ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਫਗਾਨਿਸਤਾਨ ਦੇ ਸਿੱਖਾਂ ਲਈ ਮਦਦ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਦੇ ਚੱਲਦਿਆਂ ਜਿਹੜੇ ਸਿੱਖ ਅਫਗਾਨਿਸਤਾਨ ਤੋਂ ਭਾਰਤ ਆਉਣਾ ਚਾਹੁੰਦੇ ਹਨ, ਉਨ੍ਹਾਂ ਦੀਆਂ ਹਵਾਈ ਟਿਕਟਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ।
ਭਾਰਤ ਸਰਕਾਰ ਨੂੰ ਅਪੀਲ: ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਅਫਗਾਨਿਸਤਾਨ ਚ ਰਹਿ ਰਹੇ ਸਿੱਖਾਂ ਡਰ ਦੇ ਮਾਹੌਲ ਚ ਰਹਿ ਰਹੇ ਹਨ, ਉਨ੍ਹਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਭਾਰਤ ਸਰਕਾਰ ਮਨਜ਼ੂਰੀ ਦੇਵੇਂ। ਨਾਲ ਹੀ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਚ ਰਹਿ ਰਹੇ ਸਿੱਖਾ ਨੂੰ ਡਰਨ ਦੀ ਜਾਂ ਫਿਰ ਘਬਰਾਉਣ ਦੀ ਲੋੜ ਨਹੀਂ ਹੈ ਉਨ੍ਹਾਂ ਨੂੰ ਉੱਥੇ ਬਾਹਰ ਕੱਢਣ ਦੇ ਲਈ ਸ਼੍ਰੋਮਣੀ ਕਮੇਟੀ ਹਰ ਇੱਕ ਮਦਦ ਕਰੇਗੀ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਹਵਾਈ ਸਫ਼ਰ ਦੇ ਲਈ ਖਰਚਾ ਨਹੀਂ ਹੈ ਉਸਦਾ ਪ੍ਰਬੰਧ ਵੀ ਕਮੇਟੀ ਵੱਲੋਂ ਕੀਤਾ ਜਾਵੇਗਾ।
'ਸਿੱਖਾਂ ਦੀਆਂ ਤਕਲੀਫਾਂ ਤੋਂ ਜਾਣੂ ਕਰਵਾਇਆ': ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਦੱਸਿਆ ਕਿ ਉਨ੍ਹਾਂ ਨੇ ਦਿੱਲੀ ਰਹਿੰਦੇ ਅਫਗਾਨੀ ਸਿੱਖਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਅਫਗਾਨਿਸਤਾਨ ਰਹਿੰਦੇ ਸਿੱਖਾਂ ਨੂੰ ਹੋ ਰਹੀਆਂ ਤਕਲੀਫਾਂ ਬਾਰੇ ਜਾਣੂ ਕਰਵਾਇਆ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਵੇਂ ਅਫਗਾਨਿਸਤਾਨ ’ਚ ਆਪਣੇ ਕਾਰੋਬਾਰਾਂ ਅਤੇ ਜਾਨ ਤੋਂ ਪਿਆਰੇ ਗੁਰੂ-ਘਰਾਂ ਨੂੰ ਛੱਡ ਕੇ ਆਉਣਾ ਸਿੱਖਾਂ ਲਈ ਬਹੁਤ ਔਖਾ ਹੈ, ਪਰ ਤਲਖ ਹਾਲਾਤਾਂ ਅੱਗੇ ਉਥੇ ਰਹਿੰਦੇ ਸਿੱਖ ਬੇਵੱਸ ਹਨ।
ਇਹ ਵੀ ਪੜੋ: ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਵੱਡੀ ਰਾਹਤ, ਮਿਲੀ ਜ਼ਮਾਨਤ