ਚੰਡੀਗੜ੍ਹ: ਸੂਬੇ ਭਰ ਵਿੱਚ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਕਾਡਰਾਂ ਦੀਆਂ 12772 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਅਸਾਮੀਆਂ ਸਮੇਤ ਹੁਣ ਤੱਕ ਕੁੱਲ 20166 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦੱਸਿਆ ਕਿ ਜਾਰੀ ਕੀਤੀਆਂ ਅਸਾਮੀਆਂ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਮਾਸਟਰ ਕਾਡਰ ਦੀਆਂ 4185, ਆਰਟ ਐਂਡ ਕਰਾਫਟ (art and craft) ਦੀਆਂ 250, ਲੈਕਚਰਾਰ ਕਾਡਰ (Lecturer cadre) ਦੀਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ 343 ਤੇ ਈ.ਟੀ.ਟੀ. (E.T.T.) ਦੀਆਂ 5994 ਅਸਾਮੀਆਂ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ (Primary schools) ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਪੀ.ਟੀ.ਆਈ. (PTI) ਦੀਆਂ 2000 ਅਸਾਮੀਆਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਹ ਭਰਤੀ ਨਿਰੋਲ ਮੈਰਿਟ ਦੇ ਆਧਾਰ ਉੱਤੇ ਪਾਰਦਰਸ਼ੀ ਤਰੀਕੇ ਨਾਲ ਹੋਵੇਗੀ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ 2022: ਮੁੱਖ ਮੰਤਰੀ ਨੇ ਜਲੰਧਰ ਵਾਸੀਆਂ ਨੂੰ ਵੰਡੇ ਐਲਾਨਾਂ ਦੇ ਗੱਫੇ
ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਅਰਸੇ ਦੌਰਾਨ ਕੁੱਲ 14534 ਅਧਿਆਪਕਾਂ ਦੀ ਭਰਤੀ (Recruitment of teachers) ਕੀਤੀ ਗਈ ਹੈ। ਜਿਸ ਤੋਂ ਸੂਬਾ ਸਰਕਾਰ ਦੀ ਪ੍ਰਭਾਵਸ਼ਾਲੀ ਵਿਦਿਅਕ ਢਾਂਚਾ ਪ੍ਰਦਾਨ ਕਰਨ ਦੀ ਵਚਨਬੱਧਤਾ ਸਿੱਧ ਹੁੰਦੀ ਹੈ।
ਇਹ ਵੀ ਪੜ੍ਹੋ: ਵਿਧਾਨਸਭਾ ਚੋਣਾਂ 2022: ਲੋਕਾਂ ਨੂੰ ਜੋੜਨ ਲਈ ਸੀਐਮ ਚੰਨੀ ਦਾ 'ਮਾਸਟਰ ਪਲਾਨ'