ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਤਿੰਦਰ ਪਾਲ ਸਿੰਘ ਗਿੱਲ ਨੂੰ ਪੰਜਾਬ ਜੈਨਕੋ ਲਿਮਟਿਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਸਰਕਾਰੀ ਬੁਲਾਰੇ ਅਨੁਸਾਰ ਨਵੀਂ ਤੇ ਨਵਿਆਉਣ ਊਰਜਾ ਸ੍ਰੋਤ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਤਿੰਦਰ ਪਾਲ ਗਿੱਲ ਦੀ ਨਿਯੁਕਤੀ ਦੀਆਂ ਸੇਵਾ ਸ਼ਰਤਾਂ ਵਿੱਤ ਵਿਭਾਗ ਦੇ ਡਾਇਰੈਕਟੋਰੇਟ ਆਫ ਪੰਜਾਬ ਐਂਟਰਪ੍ਰਾਇਜਜ਼ ਐਂਡ ਡਿਸਇਨਵੈਸਟਮੈਂਟ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਅਨੁਸਾਰ ਹੋਣਗੀਆਂ।
ਸਤਿੰਦਰ ਪਾਲ ਸਿੰਘ ਗਿੱਲ ਜੋ ਲੁਧਿਆਣਾ ਦੇ ਰਹਿਣ ਵਾਲੇ ਹਨ, ਸਾਬਕਾ ਮੰਤਰੀ ਜਗਦੇਵ ਸਿੰਘ ਤਾਜਪੁਰੀ ਦੇ ਪੁੱਤਰ ਹਨ। ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਹਨ। ਗਿੱਲ ਦੁੱਧ ਉਤਪਾਦਕ ਸਹਿਕਾਰੀ ਸੁਸਾਇਟੀ ਤਾਜਪੁਰ ਦੇ ਪ੍ਰਧਾਨ ਅਤੇ ਰੋਲਰਜ਼ ਫਲੋਰ ਮਿੱਲਜ਼ ਐਸੋਸੀਏਸ਼ਨ ਆਫ ਪੰਜਾਬ ਦੇ ਮੀਤ ਪ੍ਰਧਾਨ ਵੀ ਰਹੇ ਹਨ।