ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਦੁਨੀਆ ਵਿੱਚ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਇਸ ਬਿਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਸੂਬੇ ਵਿੱਚ ਕਰਫਿਊ ਲਾਗੂ ਕੀਤਾ ਹੋਇਆ ਹੈ। ਇਸ ਕਰਫਿਊ ਕਾਰਨ ਲੋੜਵੰਦ ਲੋਕਾਂ ਨੂੰ ਖਾਣੇ ਤੱਕ ਦੇ ਲਾਲੇ ਪੈ ਚੁੱਕੇ ਹਨ। ਇਸੇ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋੜਵੰਦਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਹੈ। ਇਸੇ ਸਬੰਧੀ ਸ਼੍ਰੋਣਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਇਨ੍ਹਾਂ ਲੰਗਰਾਂ ਵਿੱਚ ਦਸਵੰਧ ਪਾਉਣ ਦੀ ਅਪੀਲ ਕੀਤੀ ਹੈ।
ਬਾਦਲ ਨੇ ਅੱਜ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆ ਰਹੀ ਕਣਕ ਦੀ ਫਸਲ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੋਰੋਨਾਵਾਇਰਸ ਦੀ ਬੀਮਾਰੀ ਕਰਕੇ ਸੂਬੇ ਅੰਦਰ ਲੱਗੇ ਕਰਫਿਊ ਦੌਰਾਨ ਗਰੀਬਾਂ ਅਤੇ ਲੋੜਵੰਦਾਂ ਲਈ ਚਲਾਈ ਜਾ ਰਹੀ ਲੰਗਰ ਸੇਵਾ ਵਾਸਤੇ ਦਸਵੰਧ ਜਰੂਰ ਕੱਢਣ।
ਚੰਡੀਗੜ੍ਹ ਤੋਂ ਜਾਰੀ ਇੱਕ ਪ੍ਰੈੱਸ ਰਾਹੀਂ ਸੁਖਬੀਰ ਬਾਦਲ ਨੇ ਕਿਹਾ ਕਿ ਐਸਜੀਪੀਸੀ ਨੇ 'ਤਾਲਾਬੰਦੀ' ਲੱਗਣ ਮਗਰੋਂ ਪੰਜਾਬ ਅੰਦਰ ਫਸੇ ਪਰਵਾਸੀ ਮਜ਼ਦੂਰਾਂ ਸਮੇਤ ਲੱਖਾਂ ਗਰੀਬਾਂ ਅਤੇ ਲੋੜਵੰਦਾਂ ਨੂੰ ਲੰਗਰ ਛਕਾਇਆ ਗਿਆ ਹੈ। ਉਨ੍ਹਾਂ ਅਖਿਆ ਕਿ ਇਹ ਸੇਵਾ ਲਗਾਤਾਰ ਜਾਰੀ ਹੈ ਅਤੇ ਕਰਫਿਊ ਵਿਚ 1 ਮਈ ਤਕ ਵਾਧਾ ਹੋਣ ਕਰਕੇ ਇਸ ਲੰਗਰ ਸੇਵਾ ਦਾ ਘੇਰਾ ਹੋਰ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਆਖਿਆ ਕਿ ਨਵੇਂ ਪੈਦਾ ਹੋਏ ਹਲਾਤ ਅਤੇ ਸਾਡੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਰੀਬਾਂ ਅਤੇ ਲੋੜਵੰਦਾਂ ਦੀ ਮੱਦਦ ਕਰਨ ਦੀ ਸਿੱਖਿਆ ਨੂੰ ਧਿਆਨ ਵਿਚ ਰੱਖਦਿਆਂ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਐਸਜੀਪੀਸੀ ਦੇ ਲੰਗਰ ਵਿਚ ਕਣਕ ਦੀ ਸੇਵਾ ਦਾ ਯੋਗਦਾਨ ਪਾਉਣ ਤਾਂ ਕਿ ਇਸ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਜਾਰੀ ਰੱਖਿਆ ਜਾ ਸਕੇ।
ਬਾਦਲ ਨੇ ਉਨ੍ਹਾਂ ਹਜ਼ਾਰਾਂ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ, ਜਿਹੜੇ ਇਸ ਲੰਗਰ ਸੇਵਾ ਨੂੰ ਚਲਾਉਣ ਵਿਚ ਐਸਜੀਪੀਸੀ ਨਾਲ ਸੇਵਾ ਨਿਭਾਅ ਰਹੇ ਹਨ। ਬਾਦਲ ਨੇ ਕਿਹਾ ਕਿ ਇਹ ਇੰਨਾ ਵੱਡਾ ਮਨੁੱਖੀ ਉਪਰਾਲਾ ਸੰਭਵ ਨਹੀਂ ਸੀ ਹੋਣਾ, ਜੇਕਰ ਇਨ੍ਹਾਂ ਵਲੰਟੀਅਰਾਂ ਵੱਲੋਂ ਪੀੜਤ ਲੋਕਾਂ ਦਾ ਢਿੱਡ ਭਰਨ ਲਈ ਖੁਦ ਨੂੰ ਜੋਖ਼ਮ ਵਿਚ ਪਾ ਕੇ ਅਜਿਹੀ ਨਿਰਸੁਆਰਥ ਸੇਵਾ ਨਾ ਨਿਭਾਈ ਜਾਂਦੀ। ਉਹਨਾਂ ਨੇ ਸੰਗਤ ਅਤੇ ਅਕਾਲੀ ਵਰਕਰਾਂ ਨੂੰ ਵੀ ਇਸ ਸੇਵਾ ਵਿਚ ਹਰ ਸੰਭਵ ਢੰਗ ਨਾਲ ਯੋਗਦਾਨ ਪਾਉਣ ਲਈ ਅਪੀਲ ਕੀਤੀ ਤਾਂ ਕਿ ਸੂਬੇ ਅੰਦਰ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ।