ਚੰਡੀਗੜ੍ਹ: 1971 ਦੀ ਭਾਰਤ-ਪਾਕਿ ਜੰਗ ’ਚ ਆਪਣੀ ਬਹਾਦਰੀ ਦਾ ਲੋਹਾ ਮਨਵਾਉਣ ਵਾਲੇ ਵੀਰ ਚੱਕਰ ਜੇਤੂ ਰਿਟਾਇਰਡ ਕਰਨਲ ਪੰਜਾਬ ਸਿੰਘ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 79 ਸਾਲ ਸੀ। ਸੈਕਟਰ-25 ਦੇ ਸ਼ਮਸ਼ਾਨਘਾਟ ’ਚ ਫ਼ੌਜੀ ਸਨਮਾਨਾਂ ਨਾਲ ਰਿਟਾਇਰਡ ਕਰਨਲ ਪੰਜਾਬ ਸਿੰਘ ਦਾ ਸਸਕਾਰ ਕੀਤਾ ਗਿਆ।
ਇਸ ਦੌਰਾਨ ਲੈਫਟੀਨੈਂਟ ਜਨਰਲ ਡੀਪੀ ਪਾਂਡੇ, ਸਟੇਸ਼ਨ ਕਮਾਂਡਰ ਕਰਨਲ ਪੁਸ਼ਪਿੰਦਰ ਸਿੰਘ ਸਮੇਤ ਕਈ ਫ਼ੌਜੀ ਅਧਿਕਾਰੀਆਂ ਤੇ ਸਾਬਕਾ ਫ਼ੌਜੀ ਅਧਿਕਾਰੀ ਮੌਜੂਦ ਰਹੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਕੋਰੋਨਾ ਪੌਜ਼ੀਟਿਵ ਸੀ ਕਰਨਲ ਪੰਜਾਬ ਸਿੰਘ
ਕਰਨਲ ਪੰਜਾਬ ਸਿੰਘ ਕੁਝ ਦਿਨ ਪਹਿਲਾਂ ਕੋਰੋਨਾ ਪੌਜ਼ੀਟਿਵ ਹੋਏ ਸਨ, ਜਿਸ ਤੋਂ ਬਾਅਦ ਚੰਡੀ ਮੰਦਰ ਸਿੰਘ ਕਮਾਂਡ ਹਸਪਤਾਲ ’ਚ ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਘਰ ਵਾਪਸ ਪਰਤੇ ਸਨ ਪਰ ਕੋਰੋਨਾ ਹੋਣ ਤੋਂ ਬਾਅਦ ਪੇਸ਼ ਆਈਆਂ ਸਿਹਤ ਸਮੱਸਿਆਵਾਂ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। 21 ਮਈ ਨੂੰ ਉਨ੍ਹਾਂ ਦੇ ਵੱਡੇ ਪੁੱਤਰ ਅਨਿਲ ਕੁਮਾਰ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ ਸੀ।
ਪੰਜਾਬ ਸਿੰਘ ਨੇ 1967 ’ਚ 6-ਸਿੱਖ ਬਟਾਲੀਅਨ ਦਾ ਬਣੇ ਹਿੱਸਾ
ਉਨ੍ਹਾਂ ਕਮਿਸ਼ਨ ਪਾਸ ਕਰ ਕੇ 1967 ’ਚ 6-ਸਿੱਖ ਬਟਾਲੀਅਨ ਜੁਆਇਨ ਕੀਤੀ ਸੀ। ਉਨ੍ਹਾਂ ਇਸ ਬਟਾਲੀਅਨ ਨੂੰ 12 ਅਕਤੂਬਰ 1986 ਤੋਂ 29 ਜੁਲਾਈ 1990 ਤਕ ਕਮਾਂਡ ਕੀਤਾ।
ਸੈਨਿਕ ਵੈੱਲਫੇਅਰ ਬੋਰਡ ਦੇ ਡਾਇਰੈਕਟਰ ਸੀ ਪੰਜਾਬ ਸਿੰਘ
ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਕਰਨਲ ਪੰਜਾਬ ਸਿੰਘ ਫ਼ੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਸੂਬੇ ਦੇ ਸੈਨਿਕ ਵੈੱਲਫੇਅਰ ਬੋਰਡ ਦੇ ਡਾਇਰੈਕਟਰ ਰਹੇ। ਇਸ ਤੋਂ ਇਲਾਵਾ ਉਹ ਹਿਮਾਚਲ ਪ੍ਰਦੇਸ਼ ਦੱਖਣੀ ਏਰੀਆ ਦੇ ਇੰਡੀਅਨ ਸਰਵਿਸ ਲੀਗ ਦੇ ਵਾਈਸ ਪ੍ਰੈਜ਼ੀਡੈਂਟ ਵੀ ਸਨ।