ਚੰਡੀਗੜ੍ਹ: ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਨੂੰ ਕੁਝ ਦਿਨ ਪਹਿਲਾਂ ਇੱਕ ਦਿਨ ਦੀ ਪੈਰੋਲ ਦਿੱਤੇ ਜਾਣ ਦੇ ਮਾਮਲੇ 'ਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਸੁਪਰਡੈਂਟ ਨੇ ਗੁਰਮੀਤ ਰਾਮ ਰਹੀਮ ਨੂੰ ਇੱਕ ਦਿਨ ਦੀ ਪੈਰੋਲ ਦਿੱਤੀ। ਜੇਲ੍ਹ ਸੁਪਰਡੈਂਟ ਨੂੰ ਇਸ ਦਾ ਅਧਿਕਾਰ ਹੈ।
ਜੇਲ੍ਹ ਸੁਪਰਡੈਂਟ ਨੂੰ ਸੂਰਜ ਚੜ੍ਹਨ ਤੇ ਸੂਰਜ ਡੁੱਬਣ ਵਿਚਕਾਰ ਕੈਦੀ ਨੂੰ ਪੈਰੋਲ ਦੇਣ ਦਾ ਅਧਿਕਾਰ: ਜੇਲ੍ਹ ਮੰਤਰੀ
ਰਣਜੀਤ ਸਿੰਘ ਚੌਟਾਲਾ ਨੇ ਕਿਹਾ ਕਿ ਜੇਲ੍ਹ 'ਚ ਦੋਸ਼ੀ ਠਹਿਰਾਏ ਗਏ ਕਿਸੇ ਵੀ ਕੈਦੀ ਨੂੰ ਸੂਰਜ ਨਿਕਲਣ ਤੋਂ ਲੈ ਕੇ ਸੂਰਜ ਦੇ ਡੁੱਬਣ ਤੱਕ ਜੇਲ੍ਹ ਸੁਪਰਡੈਂਟ ਪੈਰੋਲ ਦੇ ਸਕਦਾ ਹੈ। ਡੇਰਾ ਮੁਖੀ ਰਾਮ ਰਹੀਮ ਦੀ ਮਾਂ ਬਿਮਾਰ ਸੀ ਜਿਸ ਦੇ ਚੱਲਦਿਆਂ ਉਸ ਨੂੰ ਪੈਰੋਲ ਦਿੱਤੀ ਗਈ ਸੀ। ਉਨ੍ਹਾਂ ਕਿਹਾ ਫਿਲਹਾਲ ਰਾਮ ਰਹੀਮ ਨੇ ਹੋਰ ਪੈਰੋਲ ਦੀ ਅਪੀਲ ਨਹੀਂ ਕੀਤੀ ਹੈ।
ਰਣਜੀਤ ਸਿੰਘ ਚੌਟਾਲਾ ਨੇ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਹਰਿਆਣਾ 'ਚ ਕਰੀਬ 6 ਹਜ਼ਾਰ ਕੈਦੀਆਂ ਦੀ ਪੈਰੋਲ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਕਰੀਬ 46 ਹਜ਼ਾਰ ਕੈਦੀ ਹਰਿਆਣਾ ਦੀ ਜੇਲ੍ਹਾਂ 'ਚ ਬੰਦ ਸਨ, ਜਿਨ੍ਹਾਂ ਨੂੰ ਪੈਰੋਲ ਦਿੱਤੀ ਗਈ ਸੀ। ਇਸ ਤੋਂ ਇਲਾਵਾ ਕਰੀਬ 1400 ਕੈਦੀਆਂ ਨੇ ਅਦਾਲਤ ਤੋਂ ਪੈਰੋਲ ਲਈ ਹੈ।