ਚੰਡੀਗੜ੍ਹ: ਕੌਮੀ ਹਾਈਵੇਜ਼ ਅਥਾਰਟੀ ਵੱਲੋਂ ਰਈਆ-ਬਟਾਲਾ-ਡੇਰਾ ਬਾਬਾ ਨਾਨਕ ਸੜਕ ਨੂੰ ਚਾਰ ਮਾਰਗੀ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦਾ ਕੈਬਿਨੇਟ ਮੰਤਰੀਆਂ, ਸੰਸਦ ਮੈਂਬਰ ਤੇ ਵਿਧਾਇਕਾਂ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਧੰਨਵਾਦ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀ ਸੰਗਤ ਲਈ ਇਹ ਵੱਡਾ ਤੋਹਫਾ ਹੈ। ਸਮੂਹ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਰਈਆ ਤੋਂ ਡੇਰਾ ਬਾਬਾ ਨਾਨਕ ਤੱਕ ਵਾਇਆ ਬਾਬਾ ਬਕਾਲਾ, ਚੌਕ ਮਹਿਤਾ ਤੇ ਬਟਾਲਾ ਜੋੜਦੀ 70 ਕਿਲੋਮੀਟਰ ਦੇ ਕਰੀਬ ਸੜਕ ਨੂੰ ਚਾਰ ਮਾਰਗੀ ਬਣਾਉਣ ਦਾ ਫੈਸਲਾ ਸਿੱਖ ਸੰਗਤ ਦੇ ਨਾਲ ਸਮੁੱਚੇ ਸਰਹੱਦੀ ਇਲਾਕੇ ਲਈ ਵੱਡੀ ਖੁਸ਼ੀ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਿਛਲੇ ਸਾਲ ਤੋਂ ਹੀ ਇਸ ਰੋਡ ਨੂੰ ਚਾਰ ਮਾਰਗੀ ਬਣਾਉਣ ਦੀ ਜ਼ੋਰਦਾਰ ਢੰਗ ਨਾਲ ਮੰਗ ਉਠਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਰਗ ਉਤੇ ਜਿੱਥੇ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਇਤਿਹਾਸਕ ਸ਼ਹਿਰ ਬਟਾਲਾ ਤੇ ਡੇਰਾ ਬਾਬਾ ਨਾਨਕ ਪੈਂਦੇ ਹਨ ਉਥੇ ਨੌਵੀਂ ਪਾਤਸ਼ਾਹੀ ਨਾਲ ਸਬੰਧਤ ਬਾਬਾ ਬਕਾਲਾ ਵੀ ਇਸੇ ਮਾਰਗ ਉਤੇ ਪੈਂਦਾ ਹੈ। ਇਸ ਤੋਂ ਇਲਾਵਾ ਇਸ ਨਾਲ ਸਨਅਤੀ ਸ਼ਹਿਰ ਬਟਾਲਾ ਨੂੰ ਵੀ ਵੱਡਾ ਫਾਇਦਾ ਪੁੱਜੇਗਾ।