ਚੰਡੀਗੜ੍ਹ: ਪੂਰੇ ਉੱਤਰ ਭਾਰਤ ਵਿੱਚ ਸਿਖ਼ਰ ਦੀ ਗਰਮੀ ਪੈ ਰਹੀ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗੀ। ਜੇਕਰ ਰਾਜਧਾਨੀ ਦਿੱਤੀ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਅਗਲੇ ਹਫਤੇ ਗਰਮੀ ਦੀ ਲਹਿਰ ਕਾਰਨ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਦਿੱਲੀ ਦੇ ਬੇਸ ਸਟੇਸ਼ਨ ਸਫਦਰਜੰਗ ਆਬਜ਼ਰਵੇਟਰੀ ਦਾ ਵੱਧ ਤੋਂ ਵੱਧ ਤਾਪਮਾਨ 38.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸਾਲ ਦੇ ਇਸ ਸਮੇਂ ਲਈ ਆਮ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜੋ: ਆਖਿਰ ਕੌਣ ਹੈ ਤਜਿੰਦਰ ਬੱਗਾ: ਅਰੁੰਧਤੀ ਰਾਏ ਨੂੰ ਕਸ਼ਮੀਰੀਆਂ ਦਾ ਦੁਸ਼ਮਣ ਕਹਿਣ ਕਾਰਨ ਸੁਰਖੀਆਂ 'ਚ ਆਏ, ਪੜ੍ਹੋ ਪੂਰੀ ਖ਼ਬਰ
ਬਾਕੀ ਉੱਤਰ-ਪੂਰਬੀ ਭਾਰਤ, ਬਿਹਾਰ, ਝਾਰਖੰਡ, ਆਂਧਰਾ ਪ੍ਰਦੇਸ਼, ਅੰਦਰੂਨੀ ਕਰਨਾਟਕ ਅਤੇ ਪੱਛਮੀ ਹਿਮਾਲਿਆ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ 7 ਮਈ ਤੱਕ ਹੀਟ ਵੇਵ ਸ਼ੁਰੂ ਹੋ ਸਕਦੀ ਹੈ। ਵਿਭਾਗ ਮੁਤਾਬਕ ਉੱਤਰੀ-ਪੱਛਮੀ ਭਾਰਤ ਅਤੇ ਮੱਧ ਭਾਰਤ ਵਿੱਚ 7 ਤੋਂ 8 ਮਈ ਤੱਕ ਗਰਮੀ ਦੀ ਲਹਿਰ ਚੱਲ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਦੱਖਣ ਪੱਛਮੀ ਭਾਰਤ, ਮੱਧ ਪ੍ਰਦੇਸ਼, ਵਿਦਰਭ ਅਤੇ ਦਿੱਲੀ ਵਿੱਚ 8 ਤੋਂ 9 ਮਈ ਤੱਕ ਗਰਮੀ ਦੀ ਲਹਿਰ ਰਹੇਗੀ।
ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ: ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਅਤੇ ਘੱਟ ਤੋਂ ਘੱਟ 24 ਡਿਗਰੀ ਅਤੇ ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 25 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ, ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਅਤੇ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਤੱਕ ਰਹਿ ਸਕਦਾ ਹੈ।