ਚੰਡੀਗੜ੍ਹ : ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਆਈ ਤਬਦੀਲੀ ਕਾਰਨ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆਂ 'ਚ ਵੀ ਉੱਤਰਾਅ ਚੜ੍ਹਾਅ ਵਾਲਾ ਮਾਹੌਲ ਬਣ ਚੁੱਕਿਆ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਮਦਨ ਮੋਹਨ ਮਿੱਤਲ ਵੱਲੋਂ ਦਿੱਤੇ ਜਾ ਰਹੇ ਬਿਆਨ ਪੰਜਾਬ ਦੇ ਸਿਆਸੀ ਹਲਕਿਆਂ ਅੰਦਰ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ। ਇਸੇ ਤਹਿਤ ਈ.ਟੀ.ਵੀ ਭਾਰਤ ਵੱਲੋਂ ਮਦਨ ਮੋਹਨ ਮਿੱਤਲ ਨਾਲ ਪੰਜਾਬ ਭਾਜਪਾ ਦੀ ਅਗਲੀ ਰਣਨੀਤੀ ਬਾਰੇ ਖ਼ਾਸ ਗੱਲਬਾਤ ਕੀਤੀ ਗਈ ਹੈ।
ਗੱਲਬਾਤ ਦੌਰਾਨ ਮਦਨ ਮੋਹਨ ਮਿੱਤਲ ਨੇ ਆਖਿਆ ਕਿ ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਅੱਗੇ ਵੀ ਬਣਿਆ ਰਹੇਗਾ, ਪਰ ਹੁਣ ਪੰਜਾਬ ਭਾਜਪਾ ਦੇ ਕਾਰਕੁੰਨ 23 ਸੀਟਾਂ ਨਾਲ ਸੰਤੁਸ਼ਟ ਨਹੀਂ ਹਨ।
ਇਸੇ ਕਾਰਨ ਹੁਣ ਪੰਜਾਬ ਭਾਜਪਾ ਵੱਲੋਂ 2022 ਵਿਚਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ 59 ਸੀਟਾਂ ਉੱਤੇ ਚੋਣ ਲੜੀ ਜਾਵੇਗੀ।
ਉਨ੍ਹਾਂ ਆਖਿਆ ਕਿ ਭਾਜਪਾ ਵੱਡਾ ਭਰਾ ਹੈ ਅਤੇ ਅਕਾਲੀ ਦਲ ਛੋਟਾ ਭਰਾ ਹੈ। ਜਿਸ ਕਾਰਨ ਭਾਜਪਾ 59 ਯਾਨੀ ਕਿ 50 ਫ਼ੀਸਦੀ ਸੀਟਾਂ ਉੱਤੇ ਚੋਣ ਲੜੇਗੀ।
ਇਹ ਵੀ ਪੜ੍ਹੋ : ਨਿਰਭਯਾ ਮਾਮਲਾ: ਅਦਾਲਤ ਨੇ ਦੋਸ਼ੀਆਂ ਦੇ ਡੈਥ ਵਾਰੰਟ ਲਈ ਫੈਸਲਾ ਰੱਖਿਆ ਸੁਰੱਖਿਅਤ
ਉਨ੍ਹਾਂ ਆਖਿਆ ਕਿ ਅਕਾਲੀ ਦਲ ਦਾ ਦਿੱਲੀ ਚੋਣਾਂ ਵਿੱਚ ਸੀ.ਏ.ਏ. ਨੂੰ ਬਹਾਨਾ ਬਣਾ ਚੋਣ ਨਾ ਲੜਣ ਬਾਰੇ ਦਿੱਤੇ ਗਏ ਬਿਆਨਾਂ ਵਿੱਚ ਕੋਈ ਸੱਚਾਈ ਨਹੀਂ ਹੈ। ਅਕਾਲੀ ਦਲ ਨੇ ਆਪਣੀ ਪੰਜਾਬ ਵਿਚਲੀ ਅੰਦਰੂਨੀ ਲੜਾਈ ਕਾਰਨ ਹੀ ਦਿੱਲੀ ਚੋਣਾਂ ਵਿੱਚ ਹਿੱਸਾ ਨਹੀਂ ਲਿਆ।
ਹਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਦੀ ਹੋਈ ਕਰਾਰੀ ਹਾਰ ਦੇ ਪੰਜਾਬ ਵਿੱਚ ਹੋਣ ਵਾਲੇ ਅਸਰ ਬਾਰੇ ਪੁੱਛੇ ਗਏ ਸਵਾਲ 'ਚ ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ ਦਾ ਪੰਜਾਬ ਦੀਆਂ ਚੋਣਾਂ ਉੱਤੇ ਕੋਈ ਅਸਰ ਨਹੀਂ ਹੋਵੇਗਾ।