ਚੰਡੀਗੜ੍ਹ: ਲੰਘੀ 14 ਫ਼ਰਵਰੀ ਨੂੰ 8 ਨਗਰ ਨਿਗਮਾਂ ਤੇ 109 ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀ ਹੋਈ ਚੋਣ ਦੇ ਨਤੀਜੇ 17 ਫ਼ਰਵਰੀ ਨੂੰ ਆਉਣਗੇ। ਰਾਜ ਚੋਣ ਕਮਿਸ਼ਨ ਨੇ 9222 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ। ਸਟਰਾਂਗ ਰੂਮਾਂ 'ਤੇ ਭਾਰੀ ਸੁਰੱਖਿਆ ਵਿਚਾਲੇ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋਵੇਗੀ ਤੇ ਉਮੀਦ ਮੁਤਾਬਕ ਸਥਿਤੀ ਬਾਅਦ ਦੁਪਹਿਰ ਤੱਕ ਸਾਫ਼ ਹੋ ਜਾਵੇਗੀ। ਸਾਰੇ ਉਮੀਦਵਾਰਾਂ ਦੀਆਂ ਧੜਕਣਾਂ ਨੇ ਤੇਜ਼ੀ ਫੜ ਲਈ ਹੈ। ਹੁਣ ਦੇਖਣਾ ਇਹ ਹੈ ਕਿ ਊਠ ਕਿਸ ਕਰਵਟ ਬੈਠਦਾ ਹੈ?
ਦੱਸ ਦਈਏ ਕਿ ਪੰਜਾਬ ਦੀਆਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਲਈ ਹੋਈ ਵੋਟਿੰਗ 'ਚ ਕੁੱਲ 71.39% ਵੋਟਾਂ ਪਈਆਂ। ਮੈਦਾਨ ਵਿੱਚ ਕੁੱਲ ਉਮੀਦਵਾਰ 9222 ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 17 ਫ਼ਰਵਰੀ ਨੂੰ ਹੋਣਾ ਹੈ।
ਜਾਣੋ ਕਿੰਨੇ ਉਮੀਦਵਾਰਾਂ ਦੀ ਕਿਸਮਤ ਈਵੀਐਮ 'ਚ ਕੈਦ
ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੇ 2037, ਸ਼੍ਰੋਮਣੀ ਅਕਾਲੀ ਦਲ ਦੇ 1569, ਭਾਜਪਾ ਦੇ 1003, ਆਮ ਆਦਮੀ ਪਾਰਟੀ ਦੇ 1606, ਬਸਪਾ ਦੇ 160, ਸੀਪੀਆਈ ਦੇ 02, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 02, ਐਨਸੀਪੀ ਦੇ 04, ਸਰਬ ਸਾਂਝੀ ਪਾਰਟੀ ਦਾ 01 ਉਮੀਦਵਾਰ ਸ਼ਾਮਲ ਹੈ ਜਦਕਿ 2832 ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।
ਕਿੰਨੇ ਮੁਲਾਜ਼ਮ ਸੇਵਾਵਾਂ ਵਿੱਚ
145 ਰਿਟਰਨਿੰਗ ਅਧਿਕਾਰੀ, 145 ਸਹਾਇਕ ਰਿਟਰਨਿੰਗ ਅਧਿਕਾਰੀ, 30 ਆਈ.ਏ.ਐਸ./ਪੀ.ਸੀ.ਐਸ. ਚੋਣ ਆਬਜ਼ਰਵਰ, 6 ਆਈਪੀਐਸ ਅਧਿਕਾਰੀ ਪੁਲਿਸ ਆਬਜ਼ਰਵਰ, 18000 ਕਰਮਚਾਰੀ ਚੋਣ ਡਿਊਟੀ 'ਤੇ ਲਗਭਗ 19000 ਪੁਲਿਸ ਕਰਮਚਾਰੀਆਂ ਨੇ ਸੇਵਾਵਾਂ ਵਿੱਚ ਹਨ।
ਪਹਿਲਾਂ ਤਿੰਨ ਨਗਰ ਨਿਗਮਾਂ 'ਤੇ ਕਾਂਗਰਸ ਦਾ ਝੰਡਾ ਬੁਲੰਦ
ਇਸ ਤੋਂ ਪਹਿਲਾਂ ਦਸੰਬਰ 2017 'ਚ ਤਿੰਨ ਨਗਰ ਨਿਗਮਾਂ ਜਿਨ੍ਹਾਂ 'ਚ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਸ਼ਾਮਲ ਸਮੇਤ ਪੰਜਾਬ 29 ਨਗਰ ਕੌਂਸਲਾਂ / ਨਗਰ ਪੰਚਾਇਤਾਂ ਲਈ ਚੋਣਾਂ ਹੋਈਆਂ ਸਨ। ਜਿਸ ਵਿਚੋਂ ਕਾਂਗਰਸ ਨੇ ਤਿੰਨ ਨਗਰ ਨਿਗਮਾਂ ਅਤੇ 23 ਨਗਰ ਕੌਂਸਲਾਂ ਜਿੱਤੀਆਂ ਸਨ। ਕਾਂਗਰਸ ਨੇ ਨਗਰ ਨਿਗਮ ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ 'ਚ ਜਿੱਤ ਦਾ ਪ੍ਰਚਮ ਲਹਿਰਾਇਆ ਸੀ।
ਹੁਣ ਦੇਖਣਾ ਇਹ ਹੈ ਕਿ 9222 ਉਮੀਦਵਾਰਾਂ ਦੀ ਬੰਦ ਪਈਆਂ ਪਟਾਰੀਆਂ ਵਿੱਚੋਂ ਕੀ ਨਿਕਲਦਾ ਹੈ ਤੇ ਕਿਸ ਦੇ ਸਿਰ ਤਾਜ਼ ਸਜੇਗਾ ਤੇ ਕਿਸ ਦੇ ਪੱਲੇ ਨਮੋਸ਼ੀ ਆਵੇਗੀ।