ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਅਤੇ ਪੰਜਾਬ ਦੇ ਕਿਸਾਨਾਂ ਦੀ ਵਿੱਤੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀਜ਼) ਵੱਲੋਂ ਸਾਉਣੀ 2020 ਦੀ ਵਸੂਲੀ ਮੁਹਿੰਮ ਦੌਰਾਨ ਕਿਸਾਨਾਂ ਨੂੰ ਦੰਡਿਤ ਵਿਆਜ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਂਝੀ ਕੀਤੀ ਹੈ।
ਰੰਧਾਵਾ ਨੇ ਕਿਹਾ ਕਿ ਪੀ.ਏ.ਡੀ.ਬੀਜ਼ ਦੇ ਜਿਹੜੇ ਡਿਫ਼ਾਲਟਰ ਕਰਜ਼ਦਾਰ 31 ਦਸੰਬਰ 2020 ਤੱਕ ਆਪਣੀ ਪੂਰੀ ਡਿਫ਼ਾਲਟਰ ਰਕਮ ਜਮ੍ਹਾਂ ਕਰਵਾਉਣਗੇ ਜਾਂ ਖਾਤਾ ਬੰਦ ਕਰਨਗੇ, ਉਨ੍ਹਾਂ ਦੇ ਕਰਜ਼ਾ ਖਾਤੇ ਵਿੱਚ ਖੜ੍ਹਾ ਪੂਰਾ ਦੰਡਿਤ ਵਿਆਜ ਮੁਆਫ਼ ਕਰ ਦਿੱਤਾ ਜਾਵੇਗਾ।
ਸੂਬੇ ਵਿੱਚ ਕੁੱਲ 89 ਪੀ.ਏ.ਡੀ.ਬੀਜ਼ ਦੇ ਲਗਭਗ 69000 ਡਿਫ਼ਾਲਟਰ ਕਰਜ਼ਦਾਰ ਹਨ, ਜਿਨ੍ਹਾਂ ਵੱਲ ਲਗਭਗ 1950 ਕਰੋੜ ਰੁਪਏ ਦੀ ਡਿਫ਼ਾਲਟਰ ਰਕਮ ਬਕਾਇਆ ਹੈ ਅਤੇ 61.49 ਕਰੋੜ ਰੁਪਏ ਦਾ ਦੰਡਿਤ ਵਿਆਜ਼ ਲੈਣ ਯੋਗ ਹੈ। ਇਨ੍ਹਾਂ ਵਿੱਚੋਂ 70 ਫੀਸਦੀ ਤੋਂ ਜ਼ਿਆਦਾ ਛੋਟੇ ਅਤੇ ਸੀਮਾਂਤ ਕਿਸਾਨ ਹਨ ਜਿਨ੍ਹਾਂ ਕੋਲ 5 ਏਕੜ ਜਾਂ 5 ਏਕੜ ਤੋਂ ਘੱਟ ਜ਼ਮੀਨ ਹੈ। ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਬਕਾਇਆ ਰਕਮ ਭਰਨ ਵਿੱਚ ਰਾਹਤ ਮਿਲੇਗੀ।
ਸਹਿਕਾਰਤਾ ਮੰਤਰੀ ਦੇ ਆਦੇਸ਼ਾਂ 'ਤੇ ਇਸ ਸਬੰਧੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਸਿਫਾਰਸ਼ ਕਰਨ ਉਪਰੰਤ ਰਜਿਸਟ੍ਰਾਰ ਸਹਿਕਾਰੀ ਸਭਾਵਾਂ, ਪੰਜਾਬ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਰੰਧਾਵਾ ਨੇ ਕਿਹਾ ਕਿ ਕਰਜ਼ਾ ਮੁਆਫੀ ਸਕੀਮ ਤਹਿਤ ਹੁਣ ਤੱਕ ਸਾਢੇ ਪੰਜ ਲੱਖ ਤੋਂ ਵੱਧ ਕਿਸਾਨਾਂ ਦਾ 4500 ਕਰੋੜ ਰੁਪਏ ਦੇ ਕਰੀਬ ਕਰਜ਼ਾ ਮੁਆਫ਼ ਕੀਤਾ ਜਾ ਚੁੱਕਾ ਹੈ। ਹਾਲ ਹੀ ਵਿੱਚ ਕੇਂਦਰ ਵੱਲੋਂ ਬਣਾਏ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਅਸਰਹੀਣ ਬਣਾਉਣ ਲਈ ਕੱਲ੍ਹ ਹੀ ਵਿਧਾਨ ਸਭਾ ਵਿੱਚ ਨਵੇਂ ਕਾਨੂੰਨ ਬਣਾਏ ਗਏ।