ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸੈਸ਼ਨ ਦੀ ਚੌਥੇ ਦਿਨ ਦੀ ਕਾਰਵਾਈ ਚੱਲ ਰਹੀ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਫੌਜ ਦੀ ਭਰਤੀ ਦੀ ਅਗਨੀਪਥ ਸਕੀਮ ਦੇ ਮੁੱਦਾ ’ਤੇ ਕਾਫੀ ਹੰਗਾਮਾ ਹੋਇਆ। ਦੱਸ ਦਈਏ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੁੱਦੇ ਨੂੰ ਚੁੱਕਿਆ। ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਗਨੀਪਥ ਸਕੀਮ ਦੇ ਖਿਲਾਫ ਮਤਾ ਲਿਆਂਦਾ ਜਾਵੇਗਾ।
ਵਿਧਾਨਸਭਾ ਚ ਗੁੰਜਿਆ ਅਗਨੀਪਥ ਸਕੀਮ ਦਾ ਮੁੱਦਾ: ਵਿਧਾਨਸਭਾ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਆਗੂ ਨੇ ਅਗਨੀਪਥ ਸਕੀਮ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਚ ਪੰਜਾਬੀ ਨੌਜਵਾਨਾਂ ਦਾ ਵੱਡਾ ਯੋਗਦਾਨ ਹੈ। ਇੱਕ ਪਾਸੇ ਜਿੱਥੇ ਭਾਰਤ ਚੀਨ ਅਤੇ ਪਾਕਿਸਤਾਨ ਦੇ ਖਤਰੇ ਨਾਲ ਲੜ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਠੇਕੇ ’ਤੇ ਸਿਪਾਹੀਆਂ ਦੀ ਭਰਤੀ ਨਹੀਂ ਕੀਤੀ ਜਾ ਸਕਦੀ। ਅਗਨੀਪਥ ਸਕੀਮ ਨੌਜਵਾਨਾਂ ਦੇ ਹਿੱਤ ਦੇ ਖਿਲਾਫ ਹੈ। ਨਾਲ ਹੀ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਇੱਕਠੇ ਹੋ ਕੇ ਇਸਦੇ ਖਿਲਾਫ ਮਤਾ ਲਿਆਉਣ ਦੀ ਮੰਗ ਵੀ ਕੀਤੀ।
'ਸਕੀਮ ਖਿਲਾਫ ਲਿਆਂਦਾ ਜਾਵੇਗਾ ਮਤਾ': ਇਸ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਤੋਂ ਹੈਰਾਨ ਹਨ। ਇੱਕ ਬੱਚਾ ਜੋ 17 ਸਾਲ ਦਾ ਫੌਜ ਚ ਜਾਵੇਗਾ ਅਤੇ 21 ਸਾਲ ਦੀ ਉਮਰ ਚ ਸਾਬਕਾ ਹੋ ਜਾਵੇਗਾ। ਚਾਰ ਸਾਲਾਂ ਬਾਅਦ ਉਸ ਨੂੰ ਕੋਈ ਵੀ ਫੌਜ ਸਬੰਧੀ ਸਹੂਲਤ ਨਹੀਂ ਮਿਲੇਗੀ। ਨਾ ਹੀ ਉਹ ਖੁਦ ਨੂੰ ਸਾਬਕਾ ਫੌਜੀ ਨਹੀਂ ਲਿਖ ਪਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਕਾਨੂੰਨ ਦੇ ਖਿਲਾਫ ਹੈ। ਇਸ ਦੇ ਖਿਲਾਫ ਮਤਾ ਜਰੂਰ ਲਿਆਂਦਾ ਜਾਵੇਗਾ।
30 ਜੂਨ ਨੂੰ ਲਿਆਂਦਾ ਜਾਵੇਗਾ ਮਤਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 30 ਜੂਨ ਨੂੰ ਅਗਨੀਪਥ ਸਕੀਮ ਦੇ ਖਿਲਾਫ ਮਤਾ ਲਿਆਇਆ ਜਾਵੇਗਾ। ਦੱਸ ਦਈਏ ਕਿ ਇਸ ਮਤੇ ਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ।
'ਸਕੀਮ ਚ ਨਹੀਂ ਕੋਈ ਕਮੀ': ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਗਨੀਪਥ ਸਕੀਮ ਚ ਕੋਈ ਕਮੀ ਨਹੀਂ ਹੈ। ਭਾਜਪਾ ਦਾ ਵਿਰੋਧੀ ਇਸ ਕਾਰਨ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਇੱਕ ਵਿਰੋਧੀ ਪਾਰਟੀ ਹੈ। ਉਨ੍ਹਾਂ ਅੱਗੇ ਕਿਹਾ ਕਿ ਫੌਜ ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਪੜਾਈ ਸਰਕਾਰ ਕਰਾਵੇਗੀ ਉਹ ਵੀ 10 ਤੋਂ ਬਾਅਦ ਦੀ। 21 ਸਾਲਾਂ ਨੌਜਵਾਨ ਕੋਲ 3 ਸਾਲਾਂ ਬਾਅਦ 47 ਲੱਖ ਰੁਪਏ ਹੋਣਗੇ ਜਿਸਦਾ ਉਹ ਕੁਝ ਵੀ ਕਰ ਸਕਦਾ ਹੈ। ਉਸ ਨੂੰ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਹੋਰ ਵਿਭਾਗਾਂ ਚ ਅਹਿਮੀਅਤ ਦਿੱਤੀ ਜਾਵੇਗੀ।
ਇਹ ਵੀ ਪੜੋ: ਅੱਜ ਪੰਜਾਬ ਸਕੱਤਰੇਤ ਵਿਖੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ