ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਵੋਟਰ ਸੂਚੀਆਂ ਵਿੱਚ ਸੰਖੇਪ ਸੋਧ ਕਰਨ ਸਬੰਧੀ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਪ੍ਰਕਿਰਿਆ 16 ਨਵੰਬਰ ਤੋਂ ਸ਼ੁਰੂ ਹੋ ਗਈ ਹੈ, ਜੋ 15 ਦਸੰਬਰ ਤੱਕ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਯੋਗਤਾ ਦੀ ਮਿਤੀ ਵੱਜੋਂ 1 ਜਨਵਰੀ, 2021 ਦੀ ਵਿਸ਼ੇਸ਼ ਸੰਖੇਪ ਸੋਧ (ਸਮਰੀ ਰਵੀਜ਼ਨ) ਦੇ ਸਬੰਧ ਵਿੱਚ ਫੋਟੋ ਵੋਟਰ ਸੂਚੀ ਦੇ ਖਰੜੇ ਦੀ ਪ੍ਰਕਾਸ਼ਨਾ ਰਾਜ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓ.) ਵੱਲੋਂ ਲੰਘੀ 16 ਨਵੰਬਰ ਨੂੰ ਪ੍ਰਕਾਸ਼ਤ ਕੀਤੀ ਗਈ ਸੀ।
ਵੋਟਰ ਸੂਚੀ ਦੇ ਖਰੜੇ ਅਨੁਸਾਰ ਵੋਟਰ ਸੂਚੀ ਵਿੱਚ ਕੁੱਲ 20680347 ਵੋਟਰ ਹਨ, ਜਿਨ੍ਹਾਂ ਵਿੱਚ 10898294 ਪੁਰਸ਼, 9781488 ਔਰਤਾਂ ਅਤੇ 565 ਟਰਾਂਸਜੈਂਡਰ ਹਨ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਸੂਬੇ ਦਾ ਲਿੰਗ ਅਨੁਪਾਤ 908 ਹੈ, ਜਦੋਂਕਿ ਇਸ ਸੂਚੀ ਵਿੱਚ ਲਿੰਗ ਅਨੁਪਾਤ 896 ਦਰਸਾਇਆ ਗਿਆ ਹੈ। ਵੋਟਰ ਸੂਚੀ ਵਿੱਚ 1656 ਪਰਵਾਸੀ ਭਾਰਤੀ ਵੋਟਰਾਂ ਵੱਜੋਂ ਰਜਿਸਟਰਡ ਹਨ।
ਡਰਾਫਟ ਵੋਟਰ ਸੂਚੀ ਦੀਆਂ ਕਾਪੀਆਂ ਨਿਰੀਖਣ ਕਰਨ ਦੇ ਮੱਦੇਨਜ਼ਰ ਬੂਥ ਲੈਵਲ ਅਫਸਰਾਂ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ਉਪਲਬਧ ਹੋਣ ਜਾ ਰਹੀਆਂ ਹਨ। ਕੋਈ ਵੀ ਵਿਅਕਤੀ ਵੋਟਰ ਸੂਚੀ ਦੀ ਜਾਂਚ ਕਰਨ ਲਈ ਸੀ.ਈ.ਓ ਪੰਜਾਬ ਦੀ ਵੈਬਸਾਈਟ http://ceopunjab.nic.in 'ਤੇ ਲਾਗ-ਇੰਨ ਕਰ ਸਕਦਾ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸੂਬੇ ਭਰ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਬੀ.ਐਲ.ਓਜ਼ ਉਥੇ ਮੌਜੂਦ ਰਹਿਣਗੇ।ਸ਼ਨੀਵਾਰ ਇਸ ਸਬੰਧ ਵਿੱਚ ਪਹਿਲਾ ਕੈਂਪ ਵੀ ਲਾਇਆ ਗਿਆ ਅਤੇ ਵੋਟਰ ਕਾਰਡ ਵਿੱਚ ਨਾਂਅ ਦਰਜ ਕਰਵਾਉਣ ਅਤੇ ਦਰੁਸਤ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਬੂਥਾਂ ਵੱਲ ਦਸਤਾਵੇਜ਼ਾਂ ਵੇਖਦੇ ਰਹੇ।
ਸੂਚੀ ਵਿੱਚ ਨਾਮ ਸ਼ਾਮਲ ਕਰਨ ਸਬੰਧੀ ਅਰਜ਼ੀਆਂ, ਸ਼ਾਮਲ ਕੀਤੇ ਜਾਣ 'ਤੇ ਇਤਰਾਜ਼ਾਂ ਸਬੰਧੀ ਅਰਜ਼ੀਆਂ ਅਤੇ ਐਂਟਰੀਆਂ ਵਿੱਚ ਸੋਧ ਕਰਨ ਲਈ voterportal.eci.gov.in. ਰਾਹੀਂ ਆਨਲਾਈਨ ਦਾਖਲ ਕੀਤੀਆਂ ਜਾ ਸਕਦੀਆਂ ਹਨ।
ਸਾਰੇ ਯੋਗ ਭਾਰਤੀ ਨਾਗਰਿਕ ਜੋ 1 ਜਨਵਰੀ, 2021 ਨੂੰ ਯੋਗਤਾ ਦੀ ਮਿਤੀ ਵੱਜੋਂ 18 ਸਾਲ ਦੇ ਹੋ ਚੁੱਕੇ ਹਨ, ਵੋਟਰਾਂ ਵਜੋਂ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦੇ ਹਨ। ਇਸ ਸਬੰਧ ਵਿੱਚ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 5 ਜਨਵਰੀ, 2021 ਤੱਕ ਸਿਹਤ ਮਾਪਦੰਡਾਂ ਦੀ ਜਾਂਚ ਅਤੇ ਅੰਤਮ ਪ੍ਰਕਾਸ਼ਨ ਲਈ ਕਮਿਸ਼ਨ ਦੀ ਮਨਜ਼ੂਰੀ ਪ੍ਰਾਪਤ ਕਰਨ ਲਈ 14 ਜਨਵਰੀ ਤੱਕ ਅਤੇ 15 ਜਨਵਰੀ, 2021 ਨੂੰ ਵੋਟਰ ਸੂਚੀ ਦੀ ਅੰਤਮ ਛਪਾਈ ਅਤੇ ਡਾਟਾਬੇਸ ਨੂੰ ਅਪਡੇਟ ਕਰਨ ਲਈ ਕੀਤਾ ਜਾਵੇਗਾ।