ਚੰਡੀਗੜ੍ਹ : ਤਿੱਨ ਖੇਤੀ ਕਾਨੂੰਨ ਕਰਕੇ ਕਿਸਾਨ ਭਾਜਪਾ ਵਿਰੁੱਧ ਚੱਲ ਰਹੇ ਹਨ। ਇਸ ਕਮੀ ਨੂੰ ਪੰਜਾਬ ਵਿਧਾਨ ਸਭਾ ਚੋਣ ਵਿੱਚ ਦੂਰ ਕਰਨ ਲਈ ਹੁਣ ਭਾਜਪਾ ਵੱਲੋਂ ਦਲਿਤ ਕਾਰਡ ਖੇਡਣ ਦੀ ਤਿਆਰੀ ਕੀਤੀ ਗਈ ਹੈ। ਇਕ ਪਾਸੇ ਜਿਥੇ ਪਾਰਟੀ ਵਿੱਚ ਦਲਿਤਾਂ ਨੂੰ ਅਹਿਮ ਭੂਮਿਕਾਵਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਹੀ ਭਾਜਪਾ ਵੱਲੋਂ ਐੱਸ ਸੀ ਸਕਾਲਰਸ਼ਿਪ ਘੁਟਾਲੇ ਵਿਰੁੱਧ ਮੋਰਚਾ ਖੋਲ੍ਹਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਲਈ 15 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਨੂੰ ਘੇਰਿਆ ਜਾਵੇਗਾ।
ਪੰਜਾਬ ਭਾਜਪਾ ਐਸਸੀ ਮੋਰਚਾ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਕਿਹਾ ਕਿ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਰੋੜਾਂ ਰੁਪਏ ਦਾ ਐੱਸਸੀ ਸਕਾਲਰਸ਼ਿਪ ਸਕੀਮ ਵਿੱਚ ਘੁਟਾਲਾ ਕੀਤਾ ਗਿਆ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ 15 ਜੁਲਾਈ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਦਾ ਮੁੱਖ ਮਕਸਦ ਜਿਹੜਾ ਦਲਿਤਾਂ ਖ਼ਿਲਾਫ਼ ਅੱਤਿਆਚਾਰ ਕੀਤਾ ਜਾ ਰਿਹਾ ਹੈ ਉਸ ਉੱਪਰ ਇਨਸਾਫ ਮਿਲ ਸਕੇ।
ਅਕਾਲੀ ਦਲ ਦੇ ਬੁਲਾਰੇ ਮਾਸਟਰ ਬਲਵਿੰਦਰ ਸਿੰਘ ਗੋਰਾਇਆ ਨੇ ਕਿਹਾ ਕਿ ਪੰਜਾਬ ਭਾਜਪਾ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਘੇਰਾਓ ਕਰੇ ਅਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਕਿਉਂਕਿ ਇਸ ਤੋਂ ਬਿਨਾਂ ਭਾਜਪਾ ਦੀ ਕੋਈ ਸੁਣਵਾਈ ਨਹੀਂ ਹੋਵੇਗੀ।
ਕਾਂਗਰਸ ਲੀਡਰ ਬਰਿੰਦਰ ਢਿੱਲੋਂ ਨੇ ਕਿਹਾ ਕਿ ਭਾਜਪਾ ਦਾ ਕਿਸਾਨ ਅੰਦੋਲਨ ਕਰਕੇ ਜੋ ਹਾਲ ਹੋਇਆ ਉਹ ਸਬ ਨੂੰ ਪਤਾ ਅਤੇ ਉਹ ਹੁਣ ਜਿਹੜੇ ਮਰਜ਼ੀ ਮੁੱਦੇ ਚੁੱਕੀ ਜਾਣ ਉਣਾ ਦਾ ਕੋਈ ਆਧਾਰ ਪੰਜਾਬ ਵਿੱਚ ਨਹੀਂ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਜਪਾ ਤਿੰਨ ਖੇਤੀ ਕਾਨੂੰਨ ਨੂੰ ਲੈ ਕੇ ਆਈ ਹੈ ਜਿਸ ਨਾਲ ਦਲਿਤ, ਕਿਸਾਨ ਅਤੇ ਹਰ ਵਰਗ ਦਾ ਨੁਕਸਾਨ ਹੋ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਜੋ ਮਰਜ਼ੀ ਕਰ ਲਵੇ ਉਨ੍ਹਾਂ ਦਾ ਪੰਜਾਬ ਵਿੱਚ ਕੁਝ ਨਹੀਂ ਹੋਵੇਗਾ।
ਇਹ ਵੀ ਪੜ੍ਹੋਂ : ਨਵਜੋਤ ਸਿੱਧੂ ਦੀਆਂ AAP 'ਚ ਜਾਣ ਦੀਆਂ ਚਰਚਾਵਾਂ ’ਤੇ ਸਿਆਸਤ ਤੇਜ਼