ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਦੇ ਘਰ ਈਡੀ ਦੀ ਰੇਡ ਨੂੰ ਲੈ ਕੇ ਸੂਬੇ ਵਿੱਚ ਸਿਆਸਤ ਤੇਜ਼ ਹੋ ਗਈ ਹੈ ਤੇ ਪੰਜਾਬ ਕਾਂਗਰਸ ਹੁਣ ਇਸ ਮੁੱਦੇ ਨੂੰ ਲੈ ਕੇ ਦਲਿਤ ਕਾਰਡ ਖੇਡ ਰਹੀ ਹੈ। ਗੈਰਕਾਨੂੰਨੀ ਮਾਈਨਿੰਗ ਨੂੰ ਲੈ ਕੇ ਹੋਈ ਈਡੀ ਦੀ ਰੇਡ ’ਤੇ ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕਰ ਕਿਹਾ ਸੀ ਕਿ ਉਨ੍ਹਾਂ ਦੇ ਖ਼ਿਲਾਫ਼ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਫਿਰੋਜ਼ਪੁਰ ਵਿੱਚ ਪੀਐਮ ਮੋਦੀ ਦੇ ਕਾਫਲੇ ਦੀ ਸੁਰੱਖਿਆ ਨੂੰ ਲੈਕੇ ਬਦਲਾਖੋਰੀ ਦੀ ਨੀਤੀ ਅਪਣਾਈ ਜਾ ਰਹੀ ਹੈ।
ਸੀਐਮ ਚੰਨੀ ਨੇ ਕਿਹਾ ਸੀ ਕਿ ਉਨ੍ਹਾਂ ਸਰਕਾਰ ਦੀ ਕੋਈ ਗ਼ਲਤੀ ਨਹੀਂ ਸੀ। ਇਸ ਮੁੱਦੇ ਨੂੰ ਲੈ ਕੇ ਪੰਜਾਬ ਭਰ ਵਿੱਚ ਕਾਂਗਰਸੀ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਕਰ ਕਿਹਾ ਗਿਆ ਕਿ ਇਹ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਦਲਿਤ ਹੈ ਅਤੇ ਭਾਜਪਾ ਦਲਿਤਾਂ ਨੂੰ ਦਬਾਉਣਾ ਚਾਹੁੰਦੀ ਹੈ।
ਈ ਟੀ ਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਾਰਵਾਈ ਕਰਨ ਇਸ ਵਿਚ ਕੋਈ ਗੁਰੇਜ਼ ਨਹੀਂ ਹੈ ਪਰ ਪੰਜਾਬ ਦੇ ਸੀਐਮ ਨੂੰ ਟਾਰਗੇਟ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਿ ਬਦਰਾਸ਼ਿਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਤੋਂ ਦਲਿਤਾਂ ਨੂੰ ਦਬਾਉਂਦੀ ਆਈ ਹੈ ਪਰ ਪੰਜਾਬ ਦੇ ਵਿੱਚ ਦਲਿਤ ਦਬਣ ਵਾਲੇ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਰਚ ਲਵੇ ਪਰ ਉਨ੍ਹਾਂ ਦੀ ਪਾਰਟੀ ਅਤੇ ਪੰਜਾਬ ਦੇ ਲੋਕ ਦਬਣ ਵਾਲੇ ਨਹੀਂ ਹਨ।
ਵੇਰਕਾ ਨੇ ਕਿਹਾ ਕਿ ਬੀਜੇਪੀ ਪੰਜਾਬ ਦੇ ਦਲਿਤ ਸੀਐਮ ਨੂੰ ਖਤਮ ਕਰਨ ਦੀਆਂ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੁੱਢ ਤੋਂ ਹੀ ਦਲਿਤ ਵਿਰੋਧੀ ਰਹੀ ਹੈ ਅਤੇ ਇਸਦੇ ਚੱਲਦੇ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਆਪਣੇ ਚੋਣ ਪ੍ਰਚਾਰ ਬਾਰੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਬਹੁਤ ਪਿਆਰ ਕਾਂਗਰਸ ਅਤੇ ਮੈਨੂੰ ਮਿਲ ਰਿਹਾ ਹੈ ਤੇ ਲੋਕੀਂ ਖੁਸ਼ ਹਨ ਕਿ 111 ਦਿਨ੍ਹਾਂ ਵਿੱਚ ਸਾਡੀ ਸਰਕਾਰ ਨੇ ਬੇਹੱਦ ਹੀ ਬਿਹਤਰੀਨ ਕੰਮ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਧੂਰੀ ਤੋਂ ਚੋਣ ਲੜਨਗੇ ਇਸ ਸਵਾਲ ’ਤੇ ਡਾ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਉਹ ਜਿੱਥੋਂ ਮਰਜ਼ੀ ਚੋਣ ਲੜਨ ਉਨ੍ਹਾਂ ਦੀ ਜ਼ਮਾਨਤਾਂ ਜ਼ਬਤ ਹੋਣੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਕੌਣ ਵੋਟ ਦੇਵੇਗਾ ਜਿੰਨ੍ਹਾਂ ਨੂੰ ਇਹ ਨਹੀਂ ਪਤਾ ਕਿ ਸ਼ਰਾਬ ਪੀ ਕੇ ਕਿਹੜਾ ਬਿਆਨ ਦੇਣਾ ਹੈ ਤੇ ਕਿਹੜਾ ਨਹੀਂ।
ਇਹ ਵੀ ਪੜ੍ਹੋ: ਈਡੀ ਦੀ ਰੇਡ ਨੂੰ ਲੈਕੇ ਚੰਨੀ ਦਾ ਕੇਂਦਰ ’ਤੇ ਤਿੱਖਾ ਹਮਲਾ