ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਸੂਬੇ ਵਿੱਚ ਸੱਤਾ ਹਾਸਿਲ ਕਰਨ ਦੇ ਲਈ ਸਾਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੰਬੀ ਦੇ ਵਿੱਚ ਰੈਲੀ ਕੀਤੀ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਜੰਮਕੇ ਨਿਸ਼ਾਨੇ ਸਾਧੇ ਗਏ ਹਨ। ਕੇਜਰੀਵਾਲ ਦੀ ਲੰਬੀ ਵਿੱਚ ਰੈਲੀ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਵੱਲੋਂ ਜੰਮਕੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਕੇਜਰੀਵਾਲ ’ ਤੇ ਵਰ੍ਹਦਿਆਂ ਕਿਹਾ ਕਿ ਚੋਣਾਂ ਦਾ ਮੌਸਮ ਨੇੜੇ ਆ ਗਿਆ ਹੈ ਫਸਲੀ ਵਟੇਰੇ ਇੱਕ ਵਾਰ ਫੇਰ ਪੰਜਾਬ ਵਿੱਚ ਦਿਖਾਈ ਦੇਣ ਲੱਗੇ ਹਨ।
ਹਰਸਿਮਰਤ ਬਾਦਲ ਨੇ ਕੇਜਰੀਵਾਲ ’ਤੇ ਸਾਧੇ ਨਿਸ਼ਾਨੇ
ਹਰਸਿਮਰਤ ਨੇ ਕਿਹਾ ਕਿ ਕੇਜਰੀਵਾਲ ਇੰਨ੍ਹਾਂ ਵਟੇਰਿਆਂ ਵਿੱਚੋਂ ਇੱਕ ਹਨ। ਉਨ੍ਹਾਂ ਕੇਜਰੀਵਾਲ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਿਛਲੇ ਪੰਜ ਸਾਲ ਉਹ ਪੰਜਾਬ ਵਿੱਚ ਕਦੇ ਨਹੀਂ ਆਏ ਪਰ ਜਿਉਂ ਹੀ ਚੋਣਾਂ ਨੇੜੇ ਆ ਗਈਆਂ ਹਨ ਉਹ ਪੰਜਾਬ ਰੈਲੀਆਂ ਕਰਨ ਲੱਗੇ ਹਨ। ਹਰਸਿਮਰਤ ਨੇ ਕਿਹਾ ਕਿ ਲੰਬੀ ਵਿੱਚ ਰੈਲੀ ਕਰ ਕੇਜਰੀਵਾਲ ਨੇ ਕਈ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਕਿ ਦਿੱਲੀ ਵਿੱਚ ਪੜ੍ਹਾਈ ਅਤੇ ਸਿੱਖਿਆ ਚੰਗੀ ਹੈ। ਕੇਜਰੀਵਾਲ ਦੇ ਇਸ ਦਿੱਲੀ ਮਾਡਲ ਬਾਰੇ ਬਿਆਨ ’ਤੇ ਬੋਲਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਦਾ ਝੂਠ 2017 ਵਿੱਚ ਹੀ ਸਮਝ ਗਏ ਸਨ।
ਕੇਜਰੀਵਾਲ ਨੂੰ ਦੱਸਿਆ ਫਸਲੀ ਵਟੇਰਾ
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਪਿਛਲੀਆਂ ਚੋਣਾਂ ਦੇ ਵਿੱਚ 20 ਵਿਧਾਇਕ ਆਪ ਦੇ ਬਣਾਏ ਪਰ ਪੰਜਾਬ ਵਿੱਚ ਕੰਮ ਕਰਨ ਦੀ ਬਜਾਇ ਉਨ੍ਹਾਂ ਦੀ ਐਮਐਲਏ ਕਾਂਗਰਸ ਵਿੱਚ ਭੱਜ ਗਏ ਅਤੇ ਬਾਕੀ ਰਹਿੰਦੇ ਵੀ ਭੱਜਣ ਦੀ ਤਿਆਰੀ ਵਿੱਚ ਹਨ।
ਕੇਜਰੀਵਾਲ ਦੀਆਂ ਸਿਹਤ ਸਹੂਲਤਾਂ ’ਤੇ ਚੁੱਕੇ ਸਵਾਲ
ਇਸਦੇ ਨਾਲ ਹੀ ਉਨ੍ਹਾਂ ਸਿਹਤ ਸਹੂਲਤਾਂ ਦੇ ਦਾਅਵਿਆਂ ’ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ। ਇਸ ਮੌਕੇ ਹਰਸਿਮਰਤ ਨੇ ਕੋਰੋਨਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿੱਚ ਕੋਰੋਨਾ ਕਾਰਨ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋਈਆਂ ਤੇ ਉੱਥੋਂ ਦੇ ਲੋਕ ਪੰਜਾਬ ਵਿੱਚ ਇਲਾਜ ਕਰਵਾਉਣ ਲਈ ਆਏ। ਇਸਦੇ ਨਾਲ ਹੀ ਉਨ੍ਹਾਂ ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਆਪ ਆਗੂ ਜਰਨੈਲ ਸਿੰਘ ਦਾ ਵੀ ਜ਼ਿਕਰ ਕੀਤਾ। ਹਰਸਿਮਰਤ ਨੇ ਕਿਹਾ ਕਿ ਜਰਨੈਲ ਸਿੰਘ ਇਲਾਜ ਲਈ ਤਰਲੇ ਪਾ ਰਹੇ ਸਨ ਪਰ ਕੇਜਰੀਵਾਲ ਆਪਣੇ ਆਗੂ ਦੀ ਜਾਨ ਨਹੀਂ ਬਚਾ ਸਕੇ। ਇਸ ਮੌਕੇ ਉਨ੍ਹਾਂ ਕੇਜਰੀਵਾਲ ਅੱਗੇ ਹੱਥ ਜੋੜਦਿਆਂ ਕਿਹਾ ਕਿ ਉਨ੍ਹਾਂ ਦੇ ਦਿੱਲੀ ਮਾਡਲ ਤੋਂ ਸਭ ਜਾਣੂ ਹਨ ਤੇ ਇਸਦੀ ਪੰਜਾਬ ਦੀ ਕੋਈ ਲੋੜ ਨਹੀਂ ਹੈ।
ਕੇਜਰੀਵਾਲ ਤੋਂ ਪ੍ਰਦੂਸ਼ਣ, ਪਾਣੀਆਂ ਦੇ ਮਸਲੇ ’ਤੇ ਮੰਗੇ ਜਵਾਬ
ਸਿਹਤ ਸਹੂਲਤਾਂ ਤੋਂ ਇਲਾਵਾ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੀ ਦਿੱਤੀ ਗਰੰਟੀ, ਦਿੱਲੀ ਵਿੱਚ ਪੰਜਾਬ ਦੇ ਪਾਣੀ ਨੂੰ ਲਿਆਉਣ, ਪ੍ਰਦੂਸ਼ਣ ਦੇ ਮਸਲੇ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਹਨ ਅਤੇ ਇੰਨ੍ਹਾਂ ਮਸਲਿਆਂ ਦਾ ਜਵਾਬ ਦੇਣ ਦੀ ਵੀ ਮੰਗ ਕੀਤੀ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਕੇਜਰੀਵਾਲ ਦੇ ਵੱਲੋਂ ਅੰਨਾ ਹਜਾਰੇ ਦੇ ਅੰਦੋਲਨ ਦਾ ਸਹਾਰਾ ਲੈ ਕੇ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਮੁੱਖ ਮੰਤਰੀ ਬਣੇ ਨੂੰ 10 ਸਾਲ ਦਾ ਸਮਾਂ ਹੋ ਗਿਆ ਹੈ ਪਰ ਲੋਕ ਪਾਲ ਬਿੱਲ ਦਿੱਲੀ ਵਿੱਚ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅੰਨਾ ਹਜਾਰੇ ਨਾਲ ਧੋਖਾ ਕੀਤਾ ਹੈ।
ਇਹ ਵੀ ਪੜ੍ਹੋ:ਪੰਜਾਬ ’ਚ ਲੋਕਾਂ ਦੇ ਬਹੁਮਤ ਦਾ ਬਣਾਇਆ ਜਾ ਰਿਹਾ ਮਜ਼ਾਕ- ਭਗਵੰਤ ਮਾਨ