ਚੰਡੀਗੜ੍ਹ: ਪਾਕਿਸਤਾਨ ਤੋਂ ਆਏ ਟਿੱਡੀ ਦਲ ਵੱਲੋਂ ਹਮਲੇ ਦੇ ਮੱਦੇਨਜ਼ਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਬਾਰਡਰ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਜਲੰਧਰ, ਲੁਧਿਆਣਾ, ਫ਼ਰੀਦਕੋਟ 'ਚ ਕੰਟਰੋਲ ਰੂਮ ਸਥਾਪਿਤ ਕੀਤੇ ਹਨ ਅਤੇ ਟਿੱਡੀ ਦਲ ਨੂੰ ਭਜਾਉਣ ਲਈ ਗਰਾਊਂਡ 'ਤੇ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ, ਜੋ ਕਿਸਾਨਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।
ਕਾਹਨ ਸਿੰਘ ਪੰਨੂ ਮੁਤਾਬਕ ਇਹ ਟਿੱਡੀ ਦਲ ਦਰਖ਼ਤ ਨੂੰ ਡੇੱਗਣ ਦੀ ਤਾਕਤ ਰੱਖਦੇ ਹਨ ਪਰ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹੈਲੀਕਾਪਟਰ ਅਤੇ ਏਰੀਅਲ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਸਪਰੇਅ ਦੇ ਲਈ ਫਾਇਰ ਬ੍ਰਿਗੇਡ ਤੋਂ ਇਲਾਵਾ ਕਿਸਾਨਾਂ ਨੂੰ ਢੋਲ ਅਤੇ ਸਪੀਕਰ ਚਲਾਉਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਟਿੱਡੀ ਦਲ ਖੇਤਾਂ ਵਿੱਚ ਨਾ ਆ ਸਕੇ।
ਪੰਨੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਬੈਠਕਾਂ ਤੋਂ ਬਾਅਦ ਲਗਾਤਾਰ ਫੀਲਡ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸੂਬਾ ਸਰਕਾਰ ਨੇ ਟਿੱਡੀ ਦਲ ਦੇ ਪ੍ਰਕੋਪ ਤੋਂ ਬਚਣ ਲਈ ਪੂਰੇ ਪ੍ਰਬੰਧ ਕੀਤੇ ਹਨ।