ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਝਾਰਖੰਡ ਦੇ ਦੁਮਕਾ 'ਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਸੰਸਦ ਨੇ ਨਾਗਰਿਕਤਾ ਕਾਨੂੰਨ ਨਾਲ ਜੁੜਿਆ ਇਕ ਮਹੱਤਵਪੂਰਨ ਬਦਲਾਅ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਤਾ ਬਿੱਲ ਪਾਸ ਹੋਣ ਨੂੰ ਹਜ਼ਾਰ ਫੀਸਦੀ ਸਹੀ ਅਤੇ ਸੱਚਾ ਫੈਸਲਾ ਦੱਸਿਆ। ਮੋਦੀ ਨੇ ਕਿਹਾ ਕਿ ਭਾਜਪਾ ਹਿੰਸਾ ਦੇ ਰਾਹ 'ਤੇ ਗਏ ਨੌਜਵਾਨਾਂ ਨੂੰ ਸਹੀ ਰਸਤੇ ਲਿਆਉਣ ਲਈ ਵਚਨਬੱਧ ਹੈ। ਉਸ ਨੂੰ ਖੁਸ਼ੀ ਹੈ ਕਿ ਭਾਜਪਾ ਦੇ ਵਿਕਾਸ ਕਾਰਜਾਂ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਹੁਣ ਆਪਣੇ ਪਰਿਵਾਰਾਂ 'ਚ ਵਾਪਸ ਪਰਤ ਰਹੇ ਹਨ।
ਮੋਦੀ ਨੇ ਇਸ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕਾਂਗਰਸ ਅਤੇ ਉਸਦੇ ਸਾਥੀ ਤੂਫਾਨ ਖੜ੍ਹਾ ਕਰ ਰਹੇ ਹਨ। ਇਹ ਸਿਰਫ ਆਪਣੇ ਪਰਿਵਾਰ ਬਾਰੇ ਸੋਚਦੇ ਹਨ। ਇਹ ਕੌਣ ਹਨ, ਉਨ੍ਹਾਂ ਦੇ ਕੱਪੜਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਪਹਿਲੀ ਵਾਰ ਕਾਂਗਰਸੀਆਂ ਨੇ ਉਹ ਕੰਮ ਕੀਤਾ ਜੋ ਪਾਕਿਸਤਾਨ ਹਮੇਸ਼ਾ ਕਰਦਾ ਰਿਹਾ, ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦੀ ਹੈ।
ਇਸ ਦੇ ਨਾਲ ਹੀ ਮੋਦੀ ਨੇ ਝਾਰਖੰਡ ਦੇ ਵਿਕਾਸ 'ਤੇ ਜੇਐਮਐਮ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਤੁਹਾਡੇ ਖੇਤਾਂ ਅਤੇ ਘਰਾਂ ਤੱਕ ਪਾਣੀ ਪਹੁੰਚਾਉਣ ਲਈ ਕਦੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ। ਜੇਐਮਐਮ ਅਤੇ ਕਾਂਗਰਸ ਦਾ ਧਿਆਨ ਤਾਂ ਇਸ ਗੱਲ 'ਤੇ ਸੀ ਕਿ ਕਿਹੜੀ ਪਾਰਟੀ, ਕਿਹੜੇ ਨੇਤਾ ਦਾ ਸਿੰਚਾਈ ਵਿਭਾਗ ਦੇ ਬਜਟ 'ਚ ਵਧੇਰੇ ਹਿੱਸਾ ਰਹੇਗਾ।
ਇਹ ਵੀ ਪੜੋ: ਭੁੱਖ ਹੜਤਾਲ 'ਤੇ ਬੈਠੀ ਸਵਾਤੀ ਮਾਲੀਵਾਲ ਦੀ ਵਿਗੜੀ ਤਬੀਅਤ, ਹਸਪਤਾਲ 'ਚ ਭਰਤੀ
ਪੀਐਮ ਮੋਦੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਦਿਵਾਸੀਆਂ ਦੀ ਸੇਵਾ ਕੀਤੀ ਹੈ। ਵਿਰੋਧੀਆਂ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜੇਐਮਐਮ ਅਤੇ ਕਾਂਗਰਸ ਕੋਲ ਵਿਕਾਸ ਲਈ ਕੋਈ ਰੋਡਮੈਪ ਤਕ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੇ ਪਿਛਲੇ ਸਮੇਂ ਚ ਕੁਝ ਕੀਤਾ ਹੈ।