ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਵਰ੍ਹੇ 2021-22 ਤੋਂ ਐਸਸੀ ਸਕਾਲਰਸ਼ਿਪ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਕੇ ਭੱਦਾ ਮਜ਼ਾਕ ਕੀਤਾ ਹੈ। ਅਕਾਲੀ ਦਲ ਨੇ ਮੁੱਖ ਮੰਤਰੀ ਨੇ ਪਿਛਲੇ ਤਿੰਨ ਸਾਲਾਂ ਵਿੱਚ ਸਕੀਮ ਦੇ 2440 ਕਰੋੜ ਰੁਪਏ ਦੇ ਬਕਾਏ ਵਿਚੋਂ ਇੱਕ ਪੈਸਾ ਵੀ ਜਾਰੀ ਨਹੀਂ ਕੀਤਾ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਸਕੀਮ ਚਾਲੂ ਅਕਾਦਮਿਕ ਸੈਸ਼ਨ ਤੋਂ ਮੁੜ ਸ਼ੁਰੂ ਕੀਤੀ ਜਾਵੇ ਅਤੇ ਐਸਸੀ ਵਿਦਿਆਰਥੀਆਂ ਦੇ ਪਿਛਲੇ ਬਕਾਏ ਤੁਰੰਤ ਉਨ੍ਹਾਂ ਨੂੰ ਦਿੱਤੇ ਜਾਣ।
ਮੁੱਖ ਮੰਤਰੀ ਵੱਲੋਂ ਸ਼ਨੀਵਾਰ ਨੂੰ ਇਹ ਸਕੀਮ ਮੁੜ ਸ਼ੁਰੂ ਕਰਨ ਦੇ ਐਲਾਨ ਨੂੰ 'ਜੁਮਲਾ' ਕਰਾਰ ਦਿੰਦਿਆਂ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਅਜਿਹਾ ਐਲਾਨ ਸਿਰਫ਼ ਐਸਸੀ ਭਲਾਈ ਮੰਤਰੀ ਸਾਧੂ ਸਿੰਘ ਧਰਸਮੋਤ ਵੱਲੋਂ ਕੀਤੇ 64 ਕਰੋੜ ਰੁਪਏ ਦੇ ਘੁਟਾਲੇ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਕੀਤਾ ਗਿਆ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਚਲ ਰਹੀ ਸਕੀਮ ਦੇ ਬਕਾਏ ਵਿਦਿਆਰਥੀਆਂ ਲਈ ਜਾਰੀ ਨਹੀਂ ਕੀਤੇ ਤਾਂ ਫਿਰ ਉਹ ਸਕੀਮ ਨੂੰ ਅਗਲੇ ਸਾਲ ਤੋਂ ਮੁੜ ਸ਼ੁਰੂ ਕਿਵੇਂ ਕਰ ਸਕਦੇ ਹਨ?
ਅਕਾਲੀ ਆਗੂ ਨੇ ਕਿਹਾ ਕਿ ਸਾਲ 2018-19 ਦੇ ਬਜਟ ਵਿੱਚ ਸਕੀਮ ਵਾਸਤੇ 620 ਕਰੋੜ ਰੁਪਏ ਰੱਖੇ ਗਏ ਸਨ, 2019-20 ਵਿੱਚ 860 ਕਰੋੜ ਅਤੇ ਸਾਲ 2020-21 ਵਿੱਚ ਸਕੀਮ ਲਈ 960 ਕਰੋੜ ਰੁਪਏ ਦੀ ਬਜਟ ਵਿਵਸਥਾ ਕੀਤੀ ਗਈ ਸੀ ਪਰ ਇਸ ਵਿਚੋਂ ਇੱਕ ਰੁਪਿਆ ਵੀ ਐਸਸੀ ਵਿਦਿਆਰਥੀਆਂ ਵਾਸਤੇ ਜਾਰੀ ਨਹੀਂ ਕੀਤਾ ਗਿਆ, ਜਿਸ ਨਾਲ ਚਾਰ ਲੱਖ ਵਿਦਿਆਰਥੀਆਂ ਦਾ ਭਵਿੱਖ ਤਬਾਹ ਹੋ ਗਿਆ।
9 ਮਹੀਨੇ ਪਹਿਲਾਂ ਪ੍ਰਾਪਤ ਹੋਏ 309 ਕਰੋੜ ਰੁਪਏ ਅਜੇ ਤੱਕ ਕਿਉਂ ਨਹੀਂ ਹੋਏ ਜਾਰੀ
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਦਲਿਤ ਵਿਦਿਆਰਥੀਆਂ ਨੂੰ ਦੱਸਣ ਕਿ ਕੇਂਦਰ ਸਰਕਾਰ ਵੱਲੋਂ 9 ਮਹੀਨੇ ਪਹਿਲਾਂ ਭੇਜੇ ਗਏ 309 ਕਰੋੜ ਰੁਪਏ ਹੁਣ ਤੱਕ ਵਿਦਿਆਰਥੀਆਂ ਨੂੰ ਕਿਉਂ ਨਹੀਂ ਵੰਡੇ ਗਏ। ਜਦਕਿ ਰਾਜਸਥਾਨ, ਹਰਿਆਣਾ ਤੇ ਮੱਧ ਪ੍ਰਦੇਸ਼ ਸਮੇਤ ਹੋਰਨਾਂ ਰਾਜਾਂ ਨੇ ਸਕੀਮ ਵਾਸਤੇ ਸੂਬੇ ਦੇ ਫ਼ੰਡਾਂ ਵਿਚੋਂ ਬਜਟ ਵਿਵਸਥਾ ਕਰ ਕੇ ਰਾਸ਼ੀ ਦਿੱਤੀ ਹੈ।