ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਵਿਧਾਨਸਭਾ ਵਿੱਚ ਆਪਣਾ ਪਲੇਠਾ ਬਜਟ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਇਸ ਬਜਟ ਨੂੰ ਪੇਸ਼ ਕੀਤਾ ਗਿਆ ਹੈ। ਸਰਕਾਰ ਵੱਲੋਂ ਇਸ ਬਜਟ ਨੂੰ ਜਨਤਾ ਦਾ ਬਜਟ ਕਿਹਾ ਜਾ ਰਿਹਾ ਹੈ। ਵਿੱਤ ਮੰਤਰੀ ਵੱਲੋਂ ਦਾਅਦਾ ਕੀਤਾ ਜਾ ਰਿਹਾ ਹੈ ਬਜਟ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਲੋਕਾਂ ਦੀ ਰਾਇ ਲਈ ਗਈ ਸੀ। ਉਨ੍ਹਾਂ ਕਿਹਾ ਕਿ ਹਰ ਵਰਗ ਦੀ ਉਨ੍ਹਾਂ ਵੱਲੋਂ ਰਾਇ ਲਈ ਗਈ ਸੀ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਰਾਇ ਮੁਤਾਬਕ ਬਜਟ ਨੂੰ ਬਣਾਇਆ ਗਿਆ ਹੈ।
ਬਜਟ ’ਤੇ ਵਿਰੋਧੀਆਂ ਦੇ ਸਵਾਲ: ਸਰਕਾਰ ਦੇ ਇਸ ਬਜਟ ਨੂੰ ਲੈਕੇ ਸਿਆਸਤ ਵੀ ਭਖਦੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਵੱਲੋਂ ਇਸ ਪੇਸ਼ ਕੀਤੇ ਉੱਪਰ ਸਵਾਲ ਚੁੱਕੇ ਗਏ ਹਨ। ਕਾਂਗਰਸ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਵੱਲੋਂ ਮਾਨ ਸਰਕਾਰ ਖ਼ਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਰਕਾਰ ਨੂੰ ਨਵਾਂ ਬਜਟ ਪਾਸ ਕਰਨ ਦੀ ਕੋਈ ਲੋੜ ਨਹੀਂ ਸੀ ਬਲਕਿ ਪੁਰਾਣੇ ਬਜਟ ਨੂੰ ਸਪੀਕਰ ਕੋਲ ਭੇਜ ਦੇਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਲਾਰਿਆਂ ਬਾਰੇ ਬਹੁਤ ਜਲਦੀ ਹੀ ਲੋਕਾਂ ਨੂੰ ਸਮਝ ਆ ਗਈ ਹੈ ਕਿ ਇਹ ਲਾਰਿਆਂ ਵਾਲੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਸਾਰੇ ਕਾਮੇਡੀਅਨ ਇਕੱਠੇ ਹੋਏ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਬਜਟ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।
ਸਾਬਕਾ ਡਿਪਟੀ ਸੀਐਮ ਨੇ ਘੇਰੀ ਸਰਕਾਰ: ਇਸ ਦੌਰਾਨ ਰੰਧਾਵਾ ਨੇ ਜ਼ਿਮਨੀ ਚੋਣ ਵਿੱਚ ਆਪ ਦੀ ਹੋਈ ਹਾਰ ਨੂੰ ਲੈਕੇ ਵੀ ਰੰਧਾਵਾ ਨੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਸਰਕਾਰ ਦੀ ਹਾਰ ਹੋਣੀ ਵੱਡੀ ਗੱਲ ਹੈ। ਰੰਧਾਵਾ ਨੇ ਕਿਹਾ ਕਿ ਸੀਐਮ ਆਪਣੇ ਜ਼ਿਲ੍ਹੇ ਵਿੱਚ ਹਾਰ ਗਿਆ ਹੈ ਅਤੇ ਜਿਸਨੇ ਬਜਟ ਪੇਸ਼ ਕੀਤਾ ਹੈ ਉਹ 9 ਹਜ਼ਾਰ ਵੋਟਾਂ ’ਤੇ ਹਾਰ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਮੇਂ 2 ਸਾਲਾਂ ਬਾਅਦ ਵੀ ਜ਼ਿਮਨੀ ਚੋਣ ਹੋਈ ਸੀ ਅਤੇ ਉਸ ਵਿੱਚ ਕਾਂਗਰਸ ਦੀ ਜਿੱਤ ਹੋਈ ਸੀ।
ਪ੍ਰਤਾਪ ਬਾਜਵਾ ਦੇ ਬਜਟ 'ਤੇ ਸਵਾਲ: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਜਟ ਨੂੰ ਲੈਕੇ ਭਗਵੰਤ ਮਾਨ ਸਰਕਾਰ ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ਸਰਕਾਰ ਦੀਆਂ ਗਾਰੰਟੀਆਂ ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦੀ ਗਾਰੰਟੀ ਦੇ ਰਹੀ ਸੀ ਪਰ ਸਰਕਾਰ ਦੇ ਬਜਟ ਵਿੱਚ ਅਜਿਹਾ ਕੁਝ ਵੀ ਦਿਖਾੀਈ ਨਹੀਂ ਦਿੱਤਾ। ਉਨ੍ਹਾਂ ਸਰਕਾਰ ਤੇ ਤੰਜ਼ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਜੇਬ ਵਿੱਚ ਹੱਥ ਪਾਓਗੇ ਤਾਂ ਦੋਵੇਂ ਹੀ ਜੇਬਾਂ ਖਾਲੀ ਹੀ ਵਿਖਾਈ ਦੇਣਗੀਆਂ। ਉਨ੍ਹਾਂ ਕਿਹਾ ਕਿ ਔਰਤਾਂ ਲਈ ਬਜਟ ਵਿੱਚ ਕੁਝ ਵੀ ਖਾਸ ਨਹੀਂ ਸੀ।
ਬਿਜਲੀ ਮੁਫਤ ਦੇਣ 'ਤੇ ਸਵਾਲ: ਇਸ ਦੇ ਨਾਲ ਹੀ ਉਨ੍ਹਾਂ ਮੁਫਤ ਬਿਜਲੀ ਦੇਣ ਦੇ ਮੁੱਦੇ ਤੇ ਵੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਜ਼ਰੂਰ ਕਹਿ ਰਹੀ ਹੈ ਕਿ ਬਿਜਲੀ ਇੱਕ ਜੁਲਾਈ ਤੋਂ ਮੁਫਤ ਦਿੱਤੀ ਜਾਵੇਗੀ ਪਰ ਇਹ ਨਹੀਂ ਦੱਸਿਆ ਕਿ ਉਸ ਤੇ ਕਿੰਨ੍ਹਾਂ ਖਰਚ ਆਵੇਗਾ ਅਤੇ ਉਸ ਲਈ ਪੈਸਾ ਕਿੱਥੋਂ ਆਵੇਗਾ। ਬਾਜਵਾ ਨੇ ਕਿਹਾ ਕਿ ਸਰਕਾਰ ਨੇ ਇਹ ਵੀ ਨਹੀਂ ਦੱਸਿਆ ਕਿ ਉਸਦੇ ਲਾਭਪਾਤਰੀ ਕਿੰਨ੍ਹੇ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਸ ਤਰ੍ਹਾਂ ਆਟਾ ਦਾਲ ਸਕੀਮ ਸਬੰਧੀ ਲਾਭਪਾਤਰੀਆਂ ਬਾਰੇ ਜਾਣਕਾਰੀ ਦਿੱਤੀ ਹੈ ਇਸ ਤਰ੍ਹਾਂ ਦਾ ਬਿਜਲੀ ਮੁਫਤ ਦੇਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਕਿਸਾਨੀ ਮੁੱਦੇ 'ਤੇ ਸਵਾਲ: ਵਿਰੋਧੀ ਧਿਰ ਦੇ ਆਗੂ ਨੇ ਸਰਕਾਰ ਖਿਲਾਫ਼ ਭੜਾਸ ਕੱਢਦੇ ਕਿਹਾ ਕਿ ਕਿਸਾਨਾਂ ਲਈ ਸਰਕਾਰ ਵੱਲੋਂ ਇੱਕ ਆਨਾ ਬਜਟ ਵਿੱਚ ਨਹੀਂ ਰੱਖਿਆ ਗਿਆ ਹੈ। ਉਨ੍ਹਾਂ ਇਸ ਮਸਲੇ ਉੱਤੇ ਆਪਣੀ ਪਿਛਲੀ ਕਾਂਗਰਸ ਸਰਕਾਰ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਜਟ ਵਿੱਚ ਦਾਲਾਂ ਅਤੇ ਆਇਲ ਸੀਡਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਇਸਦੇ ਨਾਲ ਹੀ ਮੂੰਗੀ ਉੱਪਰ ਐਮਐਸਪੀ ਦੇਣ ਨੂੰ ਲੈਕੇ ਉਨ੍ਹਾਂ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਿਸਾਨਾਂ ਮੂੰਗੀ ਦੀ ਫਸਲ ਵੇਚਣ ਨੂੰ ਲੈਕੇ ਸਸਤੇ ਭਾਅ ਉੱਪਰ ਵੇਚਣ ਲਈ ਮਜ਼ਬੂਰ ਹੋ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਵੱਲੋਂ ਖੋਲ੍ਹੇ ਜਾਣ ਵਾਲੇ ਮੁਹੱਲਾ ਕਲੀਨਿਕ ਤੇ ਵੀ ਸਵਾਲ ਚੁੱਕੇ ਹਨ।
ਜ਼ਿਮਨੀ ਚੋਣ ਚ ਹਾਰ ਨੂੰ ਲੈਕੇ ਨਿਸ਼ਾਨੇ ਤੇ ਮਾਨ ਸਰਕਾਰ: ਇਸ ਮੌਕੇ ਬਾਜਵਾ ਨੇ ਪਿਛਲੇ ਦਿਨੀਂ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਨੂੰ ਲੈਕੇ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਉੱਪਰ ਲਿਆ ਹੈ। ਉਨ੍ਹਾਂ ਸਰਕਾਰ ਤੇ ਵਰ੍ਹਦਿਆਂ ਕਿਹਾ ਹੈ ਕਿ ਜਮਰੌਦ ਦਾ ਕਿਲ੍ਹਾ ਢਹਿ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਤਿੰਨ ਵਾਰ ਉੱਠ ਕੇ ਪਾਣੀ ਗਏ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਉਨ੍ਹਾਂ ਨੇ ਹੌਸਲਾ ਦਿੱਤਾ ਹੈ।
ਆਪ ਵਿਧਾਇਕਾਂ ਦੇ ਵਿਰੋਧੀਆਂ ਨੂੰ ਜਵਾਬ: ਵਿਰੋਧੀ ਵੱਲੋ ਚੁੱਕੇ ਸਵਾਲਾਂ ਦਰਮਿਆਨ ਆਪ ਵਿਧਾਇਕਾਂ ਵੱਲੋਂ ਸਰਕਾਰ ਦੇ ਕੰਮਾਂ ਦੀ ਖੂਬ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਜਿੱਥੇ ਪਿਛਲੀਆਂ ਸਰਕਾਰ ਖ਼ਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ ਓਥੇ ਹੀ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਹੀ ਇੱਕੋ ਇਕ ਅਜਿਹੀ ਪਾਰਟੀ ਹੈ ਜੋ ਕਹਿੰਦੀ ਹੈ ਓਹ ਕਰਕੇ ਵਿਖਾਉਂਦੀ ਹੈ। ਆਪ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸਰਕਾਰ ਦਾ ਪੱਖ ਪੂਰਦਿਆਂ ਕਿਹਾ ਕਿ ਆਪ ਨੇ ਜੋ ਬਜਟ ਵਿੱਚ ਕਿਹਾ ਹੈ ਜਾਂ ਜੋ ਤਜਵੀਜ਼ ਲਿਆਂਦੀ ਹੈ ਉਹ ਇਨ ਬਿਨ ਹੀ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਨਹੀਂ ਹੋਵੇਗਾ ਜਿਸ ਤਰ੍ਹਾਂ ਪਿਛਲੀਆਂ ਸਰਕਾਰ ਕਰਦੀਆਂ ਰਹੀਆਂ ਹਨ ਅਤੇ ਗੱਲਾਂ ਕਹਿ ਕਿ ਉਨ੍ਹਾਂ ਤੋਂ ਭੱਜਦੀਆਂ ਰਹੀਆਂ ਹਨ।
ਬਿਜਲੀ ਮੁੱਦੇ 'ਤੇ ਵਿਰੋਧੀਆਂ ਨੂੰ ਜਵਾਬ: ਵਿਰੋਧੀਆਂ ਵੱਲੋਂ ਮੁਫਤ ਬਿਜਲੀ ਦੇਣ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਫਤ ਬਿਜਲੀ ਦੇਣ ਦੀ ਗੱਲ 1 ਜੁਲਾਈ ਤੋਂ ਕਹੀ ਹੈ ਤਾਂ ਇਹ ਸਾਫ ਹੈ ਕਿ ਜੁਲਾਈ ਤੋਂ ਮੁਫਤ ਬਿਜਲੀ ਦੀ ਸਹੂਲਤ ਚਾਲੂ ਕਰ ਦਿੱਤੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਪਹਿਲਾਂ ਇਸ ਗੱਲ ਨੂੰ ਲੈਕੇ ਸਰਕਾਰ ਉੱਪਰ ਸਵਾਲ ਚੁੱਕ ਰਹੇ ਸਨ ਕਿ ਆਪ ਸਰਕਾਰ ਬਿਜਲੀ ਪੂਰੀ ਨਹੀਂ ਕਰ ਸਕੇਗੀ। ਬਲਜਿੰਦਰ ਕੌਰ ਨੇ ਕਿਹਾ ਕਿ ਆਪ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਝੋਨੇ ਦੀ ਬਿਜਾਈ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਹੈ।
ਇਸ ਮੌਕੇ ਸੰਗਰੂਰ ਜ਼ਿਮਨੀ ਚੋਣ ਵਿੱਚ ਹੋਈ ਹਾਰ ਤੇ ਵੀ ਆਪ ਵਿਧਾਇਕਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਪਣੀ ਹਾਰ ਤੇ ਬੋਲਦਿਆਂ ਕਿਹਾ ਕਿ ਇਹ ਲੋਕਤੰਤਰ ਹੈ। ਜੋ ਲੋਕਾਂ ਨੇ ਫਤਵਾ ਦਿੱਤਾ ਹੈ ਉਹ ਉਨ੍ਹਾਂ ਦੀ ਪਾਰਟੀ ਨੂੰ ਸਿਰ ਮੱਥੇ ਪਰਵਾਨ ਹੈ।
ਇਹ ਵੀ ਪੜ੍ਹੋ: ਪੰਜਾਬ ਬਜਟ 2022: ਸੈਰ ਸਪਾਟੇ ਦੇ ਸਥਾਨਾਂ ਨੂੰ ਵਿਕਸਤ ਕੀਤਾ ਜਾਵੇਗਾ- ਖਜ਼ਾਨਾ ਮੰਤਰੀ