ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਸਰੇ ਦਿਨ ਭਗਵੰਤ ਮਾਨ ਸਰਕਾਰ ਵੱਲੋਂ ਵਾਈਟ ਪੇਪਰ ਜਾਰੀ ਕੀਤਾ ਗਿਆ ਹੈ। ਵਾਈਟ ਪੇਪਰ ਜਾਰੀ ਹੋਣ ਦੇ ਨਾਲ ਹੀ ਕਾਂਗਰਸ ਨੇ ਸਦਨ 'ਚ ਕਾਨੂੰਨ ਵਿਵਸਥਾ 'ਤੇ ਚਰਚਾ ਦੀ ਮੰਗ ਨੂੰ ਮੁੜ ਦੁਹਰਾਇਆ। ਕੋਈ ਚਰਚਾ ਨਾ ਹੋਣ 'ਤੇ ਕਾਂਗਰਸੀ ਵਿਧਾਇਕ ਵਾਕਆਊਟ ਵੀ ਕਰ ਗਏ। ਇਸ ਦੌਰਾਨ ਮੁੱਖ ਮੰਤਰੀ ਭਗਤ ਮਾਨ ਨੇ ਸੂਬੇ ਵਿੱਚ ਮੁਹੱਲਾ ਕਲੀਨਿਕ, ਰੁਜ਼ਗਾਰ ਮੁਹੱਈਆ ਕਰਵਾਉਣ, ਨਿਵੇਸ਼ ਵਧਾਉਣ ਵਰਗੀਆਂ ਗੱਲਾਂ ਨੂੰ ਦੁਹਰਾਇਆ।
ਸਰਕਾਰ ਦੇ ਹੱਕ ਚ ਵਿਧਾਇਕ: ਇਜਲਾਸ ਦੀ ਸਮਾਪਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਨਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਹਨ ਸਰਕਾਰ ਉਨ੍ਹਾਂ ਨੂੰ ਜ਼ਰੂਰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ ਅਤੇ ਉਹ ਉਨ੍ਹਾਂ ਦੇ ਦੁੱਖਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਦੂਰ ਕਰੇਗੀ। ਦੂਜੇ ਪਾਸੇ ਸੋਮਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਬਜਟ ਲੋਕ ਭਲਾਈ ਵਾਲਾ ਹੋਵੇਗਾ, ਪਹਿਲੀ ਵਾਰ ਪੰਜਾਬ ਦਾ ਬਜਟ ਲੋਕਾਂ ਦੇ ਸੁਝਾਵਾਂ ਦੇ ਆਧਾਰ 'ਤੇ ਪੇਸ਼ ਕੀਤਾ ਜਾਵੇਗਾ।
ਕਾਂਗਰਸ ’ਤੇ ਸਵਾਲ: ਆਮ ਆਦਮੀ ਪਾਰਟੀ ਦੇ ਵਿਧਾਇਕ ਲਖਵਿੰਦਰ ਰਾਏ ਨੇ ਕਿਹਾ ਕਿ ਕਾਂਗਰਸ ਸਦਨ ਤੋਂ ਭੱਜਦੀ ਨਜ਼ਰ ਆ ਰਹੀ ਹੈ। ਇਹੀ ਨਹੀਂ ਮੁੱਖ ਮੰਤਰੀ ਵੱਲੋਂ ਸਦਨ ਵਿੱਚ ਕੀਤੇ ਗਏ ਨਵੇਂ ਐਲਾਨਾਂ ਦਾ ਵੀ ਸਵਾਗਤ ਕੀਤਾ ਗਿਆ। ਬਜਟ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਬਜਟ ਸਾਰਿਆਂ ਦੇ ਹਿੱਤ 'ਚ ਹੋਵੇਗਾ ਅਤੇ ਅਜਿਹਾ ਬਜਟ ਹੋਵੇਗਾ ਜੋ ਉਮੀਦਾਂ 'ਤੇ ਖਰਾ ਉਤਰੇਗਾ।
ਬਜਟ ’ਤੇ ਬੋਲੇ ਅਮਨ ਅਰੋੜਾ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਜਿੱਥੇ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਸਦਨ 'ਚ ਉਠਾਉਣ ਦੀ ਗੱਲ ਕਹੀ, ਉਥੇ ਹੀ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਦੇ ਮੌਜੂਦਾ ਹਾਲਾਤ 'ਤੇ ਇਕ ਵਾਈਟ ਪੇਪਰ ਵੀ ਲਿਆਂਦਾ ਗਿਆ ਹੈ। ਬਜਟ ਬਾਰੇ ਅਮਨ ਅਰੋੜਾ ਨੇ ਕਿਹਾ ਕਿ ਸੋਮਵਾਰ ਨੂੰ ਬਜਟ ਪੇਸ਼ ਕੀਤਾ ਜਾਵੇਗਾ, ਇਸ ਬਜਟ ਵਿੱਚ ਸਾਰਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।
ਕਾਂਗਰਸ ਦੇ ਆਪ ’ਤੇ ਸਵਾਲ: ਇਸੇ ਸੈਸ਼ਨ ਦੇ ਦੂਜੇ ਦਿਨ ਕਾਂਗਰਸ ਨੇ ਸਰਕਾਰ 'ਤੇ ਵਿਰੋਧੀ ਧਿਰ ਦਾ ਗਲਾ ਘੁੱਟਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਵਿਰੋਧੀ ਧਿਰ ਨੂੰ ਬੋਲਣ ਨਹੀਂ ਦੇਣਾ ਚਾਹੁੰਦੀ। ਕਾਂਗਰਸੀ ਵਿਧਾਇਕਾਂ ਸੁਖਪਾਲ ਖਹਿਰਾ ਅਤੇ ਪਰਗਟ ਸਿੰਘ ਨੇ ਕਿਹਾ ਕਿ ਅੱਜ ਸੈਸ਼ਨ ਦਾ ਦੂਜਾ ਦਿਨ ਸੀ ਅਤੇ ਦੂਜੀ ਬੈਠਕ ਵੀ ਪੂਰੀ ਨਹੀਂ ਹੋਈ। ਬੈਠਕ ਪੂਰੀ ਹੁੰਦੀ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਬੋਲਣ ਦਾ ਮੌਕਾ ਮਿਲ ਜਾਣਾ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਲੂ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਸ਼ਿਰਕਤ ਕਰਨੀ ਸੀ, ਇਸ ਲਈ ਸਦਨ ਜਲਦੀ ਹੀ ਖ਼ਤਮ ਕਰ ਦਿੱਤਾ ਗਿਆ। ਵਿਧਾਇਕਾਂ ਨੇ ਕਿਹਾ ਕਿ ਅਮਨ-ਕਾਨੂੰਨ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਬਚ ਰਹੀ ਹੈ। ਸੂਬੇ ਵਿੱਚ ਅਪਰਾਧ ਵੱਧ ਰਹੇ ਹਨ ਪਰ ਸਰਕਾਰ ਦੇ ਵਿਧਾਇਕ ਸਭ ਕੁਝ ਚੰਗਾ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ ਹਨ।
ਬਜਟ 'ਤੇ ਬੋਲੇ ਖਹਿਰਾ: ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਜਟ ਬਾਰੇ ਪੁੱਛੇ ਸਵਾਲ 'ਤੇ ਕਿਹਾ ਕਿ ਬਜਟ ਕਦੋਂ ਆਵੇਗਾ, ਇਹ ਦੇਖਣਾ ਹੋਵੇਗਾ, ਸੂਬੇ 'ਤੇ ਕਰੀਬ ਤਿੰਨ ਲੱਖ ਕਰੋੜ ਦੇ ਕਰਜ਼ੇ ਦੇ ਸਵਾਲ 'ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਸਰਕਾਰ ਨੇ 9000 ਕਰੋੜ ਦਾ ਵਾਧੂ ਕਰਜ਼ਾ ਵੀ ਲਿਆ, ਸਭ ਨੂੰ ਰਾਹਤ ਦੇਣ ਦੀ ਹੋਵੇਗੀ ਚੁਣੌਤੀ।
ਵਾਅਦੇ ਪੂਰੇ ਕਰਨਾ ਸਰਕਾਰ ਲਈ ਵੱਡੀ ਚੁਣੌਤੀ: ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਵੀ ਬਜਟ ਸਬੰਧੀ ਪੁੱਛੇ ਸਵਾਲ 'ਤੇ ਕਿਹਾ ਕਿ ਸਾਰੇ ਵਾਅਦੇ ਪੂਰੇ ਕਰਨਾ ਸਰਕਾਰ ਲਈ ਵੱਡੀ ਚੁਣੌਤੀ ਹੈ, ਇਸ ਦੇ ਨਾਲ ਹੀ ਸੂਬੇ ਦਾ ਕਰਜ਼ਾ ਘਟਾਉਣਾ ਵੀ ਸਰਕਾਰ ਲਈ ਵੱਡੀ ਚੁਣੌਤੀ ਹੋਵੇਗੀ।
ਇਹ ਵੀ ਪੜ੍ਹੋ: ਵਿਜੀਲੈਂਸ ਦਾ ਵੱਡਾ ਖੁਲਾਸਾ: IAS ਸੰਜੇ ਪੋਪਲੀ ਘਰੋਂ ਵੱਡੀ ਬਰਾਮਦਗੀ !