ਚੰਡੀਗੜ੍ਹ : ਸਾਲ 2020 'ਚ ਹਰ ਤਿਉਹਾਰ ਕੋਰੋਨਾ ਕਾਰਨ ਪ੍ਰਭਾਵਤ ਹੋਇਆ ਹੈ, ਪਰ ਆਮ ਲੋਕਾਂ 'ਚ ਤਿਉਹਾਰ ਮਨਾਉਣ ਨੂੰ ਲੈ ਕੇ ਉਤਸ਼ਾਹ ਬਣਿਆ ਹੋਇਆ ਹੈ। ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਔਰਤਾਂ ਵੱਲੋਂ ਤਿਆਰੀਆਂ ਜਾਰੀ ਹਨ। ਅਜਿਹੇ 'ਚ ਚੰਡੀਗੜ੍ਹ ਦੇ ਬਜ਼ਾਰਾਂ 'ਚ ਮਹਿੰਦੀ ਕਲਾਕਾਰਾਂ ਨੇ ਪੀਪੀਈ ਕਿੱਟਸ ਤੇ ਗਲਵਜ਼ ਪਾ ਕੇ ਔਰਤਾਂ ਨੂੰ ਮਹਿੰਦੀ ਲਗਾਈ।
ਇਸ ਬਾਰੇ ਦੱਸਦੇ ਹੋਏ ਕੌਸਟਮੈਟਿਕ ਦੁਕਾਨ ਦੇ ਮਾਲਕ ਰਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਕਰਵਾਚੌਥ ਦੇ ਮੌਕੇ ਹਰ ਸਾਲ ਉਨ੍ਹਾਂ ਕੋਲ ਕੁੱਝ ਲੋੜਵੰਦ ਕੁੜੀਆਂ ਮਹਿੰਦੀ ਕਲਾਕਾਰ ਵਜੋਂ ਕੰਮ ਕਰਨ ਆਉਂਦੀਆਂ ਹਨ। ਇਸ ਵਾਰ ਕੋਰੋਨਾ ਕਾਰਨ ਜਿਥੇ ਆਰਥਿਕ ਤੌਰ 'ਤੇ ਹਰ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਲੋੜਵੰਦ ਕੁੜੀਆਂ ਦੀ ਮਦਦ ਲਈ ਉਨ੍ਹਾਂ ਨੇ ਇਸ ਵਾਰ ਵੀ ਕੁੜੀਆਂ ਨੂੰ ਕਰਵਾਚੌਥ 'ਤੇ ਮਹਿੰਦੀ ਦਾ ਕੰਮ ਕਰਨ ਸੱਦਾ ਦਿੱਤਾ ਹੈ। ਇਸ ਦੌਰਾਨ ਕੋਵਿਡ-19 ਦੀ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਹਿੰਦੀ ਕਲਾਕਾਰਾਂ ਨੂੰ ਪੀਪੀਈ ਕਿੱਟਸ,ਗਲਵਜ਼ ਤੇ ਸੈਨੇਟਾਈਜ਼ਰ ਉਪਲਬਧ ਕਰਵਾਏ ਗਏ ਹਨ।
ਮਹਿੰਦੀ ਕਲਾਕਾਰ ਸ਼ਿਲਪੀ ਨੇ ਦੱਸਿਆ ਕਿ ਸਟਾਫ ਤੇ ਗਾਹਕਾਂ ਨੂੰ ਸੈਨੇਟਾਈਜ਼ ਕਰਨ ਤੇ ਸਕ੍ਰੀਨਿੰਗ ਕਰਨ ਮਗਰੋਂ ਹੀ ਮਹਿੰਦੀ ਲਗਾਈ ਜਾਂਦੀ ਹੈ। ਅਜਿਹਾ ਕਰਨ ਨਾਲ ਉਹ ਖ਼ੁਦ ਤੇ ਉਨ੍ਹਾਂ ਦੇ ਗਾਹਕ ਕੋੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣਗੇ। ਉਥੇ ਹੀ ਦੂਜੇ ਪਾਸੇ ਗਾਹਕ ਮਨੀਸ਼ਾ ਨੇ ਕਿਹਾ ਕਿ ਕੋਰੋਨਾ ਹਦਾਇਤਾਂ ਦੀ ਪਾਲਣਾ ਨੂੰ ਵੇਖਦੇ ਹੋਏ ਉਹ ਇਥੇ ਮਹਿੰਦੀ ਲਗਵਾਉਣ ਆਈ। ਉਨ੍ਹਾਂ ਦੁਕਾਨ ਮਾਲਕ ਤੇ ਮਹਿੰਦੀ ਕਲਾਕਾਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।