ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ 'ਤੇ ਆ ਰਹੇ ਹਨ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ। ਉਵੇਂ-ਉਵੇਂ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਪੰਜਾਬ ਦੇ ਦੌਰੇ ਕੀਤੇ ਜਾ ਰਹੇ ਹਨ। ਦਰਅਸਲ ਅਰਵਿੰਦ ਕੇਜਰੀਵਾਲ 29 ਸਤੰਬਰ ਨੂੰ ਸ਼ਾਮ 3 ਵਜੇ ਲੁਧਿਆਣਾ ਦੇ ਪਾਰਕ ਪਲਾਜ਼ਾ ਵਿਖੇ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਇਸੇ ਤਰ੍ਹਾਂ 30 ਸਤੰਬਰ ਨੂੰ ਲੁਧਿਆਣਾ ਵਿਖੇ ਸਵੇਰੇ 11 ਵਜੇ ਪੱਖੋਵਾਲ ਰੋਡ ਵਿਖੇ ਹੋਟਲ ਵਿਚ ਉਹ ਪ੍ਰੈਸ ਕਾਨਫਰੰਸ ਕਰਨਗੇ।
ਇਸ ਤੋਂ ਪਹਿਲਾਂ ਵੀ ਪੰਜਾਬ ਦੌਰੇ ਮੌਕੇ ਕਰ ਚੁੱਕੇ ਹਨ ਕਈ ਵੱਡੇ ਐਲਾਨ
ਦੱਸ ਦਈਏ ਕਿ ਉਹ ਇਸ ਦੌਰਾਨ ਰੁਜ਼ਗਾਰ ਨਾਲ ਸਬੰਧਿਤ ਮੁੱਦਿਆਂ 'ਤੇ ਕਈ ਵੱਡੇ ਐਲਾਨ ਕਰ ਸਕਦੇ ਹਨ।ਇਸ ਤੋਂ ਪਹਿਲਾਂ ਕੇਜਰੀਵਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਮਾਮਲੇ ਵਿਚ ਗਾਰੰਟੀ ਦੇ ਚੁੱਕੇ ਹਨ। ਜਦੋਂ ਤੋਂ ਕੇਜਰੀਵਾਲ ਪੰਜਾਬ ਵਿਚ ਐਲਾਨ ਕਰਕੇ ਗਏ ਹਨ ਉਦੋਂ ਤੋਂ ਹੋਰਨਾਂ ਪਾਰਟੀਆਂ ਵੀ ਪੰਜਾਬ ਦੇ ਲੋਕਾਂ ਨੂੰ ਆਪੋ-ਆਪਣੇ ਪੱਧਰ 'ਤੇ ਗਾਰੰਟੀ ਦੇਣ ਲੱਗੀਆਂ ਹੋਈਆਂ ਹਨ ਤਾਂ ਜੋ ਉਨ੍ਹਾਂ ਦਾ ਵੋਟ ਬੈਂਕ ਕਿਤੇ ਖਿਸਕ ਨਾ ਜਾਵੇ।
'ਮੁਫ਼ਤ ਬਿਜਲੀ ਦੇਣ ਦਾ ਕੀਤਾ ਸੀ ਵਾਅਦਾ'
ਕਾਬਿਲੇਗੌਰ ਹੈ ਕਿ ਆਉਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵੱਲੋਂ ਪਹਿਲਾਂ ਦੋ ਵਾਰ ਪੰਜਾਬ ਫੇਰੀ ’ਤੇ ਆਏ ਸੀ। ਆਪਣੀ ਫੇਰੀ ਦੌਰਾਨ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦੇ ਹੋਏ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਚ ਪੰਜਾਬ ਚ ਸੱਤਾ ਚ ਆਈ ਤਾਂ 300 ਤੋਂ ਘੱਟ ਯੂਨਿਟ ਬਿਜਲੀ ਕਰਨ ਵਾਲੇ ਘਰਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ। ਨਾਲ ਹੀ ਹਰ ਸਮੇਂ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ। ਦੱਸ ਦਈਏ ਕਿ ਕੇਜਰੀਵਾਲ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਸੀ।
ਸੇਵਾ ਸਿੰਘ ਸੇਖਵਾਂ 'ਆਪ' ’ਚ ਸ਼ਾਮਲ
ਇਸ ਤੋਂ ਇਲਾਵਾ ਆਪਣੀ ਦੂਜੀ ਪੰਜਾਬ ਦੀ ਫੇਰੀ ਦੌਰਾਨ ਅਰਵਿੰਦ ਕੇਜਰੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਚ ਕੈਬਨਿਟ ਮੰਤਰੀ ਰਹੇ ਸੇਵਾ ਸਿੰਘ ਸੇਖਵਾਂ ਨੂੰ ਪਿੰਡ ਸੇਖਵਾਂ ਪਹੁੰਚ ਕੇ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ। ਦੱਸ ਦਈਏ ਕਿ ਉਨ੍ਹਾਂ ਨੇ ਪਿੰਡ ਸੇਖਵਾਂ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ ਮੀਟਿੰਗ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਅਤੇ ਉਸਦੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ।
ਇਹ ਵੀ ਪੜੋ: ਪੰਜਾਬ 'ਚ ਮੰਤਰੀਆਂ ਨੂੰ ਮਿਲੇ ਮੰਤਰਾਲੇ, ਵੇਖੋ ਕਿਸ ਨੂੰ ਕੀ ਮਿਲਿਆ?