ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਦੇ ਨਵ ਨਿਯੁਕਤ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ (Social media) 'ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਖੇਤੀਬਾੜੀ ਕਾਨੂੰਨਾਂ (Agricultural laws) ਦੀ ਹਮਾਇਤ ਵਿਚ ਕੀਤੇ ਗਏ ਟਵੀਟ ਸ਼ੇਅਰ ਕੀਤੇ ਹਨ। ਉਨ੍ਹਾਂ ਨੇ ਲਿਖਿਆ ਕਿ ਸੁਖਬੀਰ ਸਿੰਘ ਬਾਦਲ ਝੂਠ ਬੋਲ ਰਹੇ ਹਨ। ਇਸ ਤੋਂ ਪਹਿਲਾਂ ਵੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਬਾਦਲ ਪਰਿਵਾਰ ਵਲੋਂ ਖੇਤੀਬਾੜੀ ਕਾਨੂੰਨਾਂ ਦੀ ਹਮਾਇਤ ਵਿਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓ ਵੀ ਦਿਖਾਈਆਂ ਸਨ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਬਾਦਲ ਪਰਿਵਾਰ ਵਲੋਂ ਹੀ ਖੇਤੀ ਕਾਨੂੰਨਾਂ ਦਾ ਖਾਕਾ ਤਿਆਰ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜੇ ਤਿੰਨ ਖੇਤੀ ਕਾਨੂੰਨਾ ਕੇਂਦਰ ਸਰਕਾਰ ਲੈ ਕੇ ਆਈ ਹੈ ਇਹ ਬਾਦਲ ਪਰਿਵਾਰ ਦੀ ਹੀ ਦੇਣ ਹੈ ਕਿਉਂਕਿ ਜਦੋਂ ਇਹ ਕਾਨੂੰਨ ਲਿਆਂਦੇ ਗਏ ਉਸ ਵੇਲੇ ਬਾਦਲ ਪਰਿਵਾਰ ਵਲੋਂ ਇਨ੍ਹਾਂ ਕਾਨੂੰਨਾਂ ਦੇ ਕਾਫੀ ਸੋਹਲੇ ਗਾਏ ਗਏ। ਤੇ ਹੁਣ ਆਪਣੇ ਆਪ ਨੂੰ ਕਿਸਾਨ ਹਮਾਇਤੀ ਹੋਣ ਦਾ ਝੂਠਾ ਦਾਅਵਾ ਕੀਤਾ ਜਾ ਰਿਹਾ ਹੈ।
ਆਪਣੀਆਂ ਰੈਲੀਆਂ ਦੌਰਾਨ ਵੀ ਘਿਰ ਚੁੱਕੇ ਹਨ ਸੁਖਬੀਰ ਬਾਦਲ
ਜਦੋਂ ਸੁਖਬੀਰ ਸਿੰਘ ਬਾਦਲ ਵਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਉਸ ਵੇਲੇ ਇਕ ਕਿਸਾਨ ਆਗੂ ਵਲੋਂ ਸੁਖਬੀਰ ਬਾਦਲ ਨੂੰ ਖੇਤੀ ਕਾਨੂੰਨਾਂ 'ਤੇ ਕਈ ਸਵਾਲਾਂ ਦੇ ਜਵਾਬ ਮੰਗੇ। ਉਸ ਦੌਰਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਨਜ਼ਰ ਆਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਨੇ ਤਾਂ ਇਨ੍ਹਾਂ ਕਾਨੂੰਨਾਂ ਦੀ ਕਦੇ ਹਮਾਇਤ ਨਹੀਂ ਕੀਤੀ ਸੀ ਇਸ ਤੋਂ ਇਲਾਵਾ ਅਸੀਂ ਭਾਜਪਾ ਸਰਕਾਰ ਨੂੰ ਇਹ ਕਾਨੂੰਨ ਨਾ ਲਿਆਉਣ ਦੀ ਅਪੀਲ ਵੀ ਕੀਤੀ ਸੀ ਜਦੋਂ ਉਨ੍ਹਾਂ ਸਾਡੀ ਨਹੀਂ ਮੰਨੀ ਤਾਂ ਇਸ ਕਾਰਣ ਅਸੀਂ ਭਾਜਪਾ ਨਾਲੋਂ ਨਾਤਾ ਹੀ ਤੋੜ ਲਿਆ।
ਸੰਸਦ ਦੇ ਬਾਹਰ ਪ੍ਰਦਰਸ਼ਨ ਕਰਕੇ ਹਰਸਿਮਰਤ ਨੇ ਪ੍ਰਗਟਾਇਆ ਸੀ ਰੋਸ
ਇਸ ਤੋਂ ਇਲਾਵਾ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਸੰਸਦ ਦੇ ਬਾਹਰ ਕਈ ਦਿਨ ਕਿਸਾਨਾ ਦੇ ਹੱਕ ਵਿਚ ਬੋਰਡ ਫੜ ਕੇ ਕਦੇ ਕਣਕਾਂ ਦੇ ਛਿੱਟੇ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਨੂੰ ਮੰਗ ਕੀਤੀ ਗਈ ਕਿ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।
ਇਹ ਵੀ ਪੜ੍ਹੋ- ਅੱਜ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ