ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਖਤਮ ਕਰਨ ਦੇ ਚੱਲਦੇ ਮੀਟਿੰਗ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਸਲਾਹਕਾਰ ਵੱਲੋਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੀਟਿੰਗ ਕੀਤੀ ਗਈ ਹੈ। ਮੁਹੰਮਦ ਮੁਸਤਫਾ ਦਾ ਮੀਟਿੰਗ ਕਰਨ ਤੋਂ ਬਾਅਦ ਕਾਂਗਰਸ ਕਲੇਸ਼ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ।
ਮੁਹੰਮਦ ਮੁਸਤਫਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਜੋ ਸੁਝਾਅ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਦਿੱਤੇ ਹਨ ਉਨ੍ਹਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਨਾਲ ਪੰਜਾਬ ਕਾਂਗਰਸ ਦਾ ਮਸਲਾ ਹੱਲ ਹੋ ਸਕਦਾ ਹੈ । ਨਾਲ ਹੀ ਉਨ੍ਹਾਂ ਕਿਹਾ ਜੋ ਸੁਝਾਅ ਉਨ੍ਹਾਂ ਵੱਲੋਂ ਮੀਟਿੰਗ ਦੇ ਵਿੱਚ ਦਿੱਤੇ ਗਏ ਹਨ ਉਨ੍ਹਾਂ ਸੁਝਾਵਾਂ ਬਾਰੇ ਉਹ ਮੀਡੀਆ ਨਾਲ ਗੱਲ ਨਹੀਂ ਕਰਨਗੇ ਪਰ ਇੰਨ੍ਹਾਂ ਜ਼ਰੂਰ ਹੈ ਕਿ ਉਨ੍ਹਾਂ ਦੇ ਸੁਝਾਵਾਂ ਨਾਲ ਕਾਂਗਰਸ ਦਾ ਮਸਲਾ ਜ਼ਰੂਰ ਹੱਲ ਹੋ ਜਾਵੇਗਾ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਇਹ ਵੀ ਮੰਨਿਆ ਹੈ ਕਿ ਕਾਂਗਰਸ ਦੇ ਵਿੱਚ ਮਸਲਾ ਜ਼ਰੂਰ ਹੈ ਪਰ ਉਹ ਜਲਦੀ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਹਮਣੇ ਇੱਕੋ-ਇੱਕ ਨਿਸ਼ਾਨਾ ਇਹ ਹੀ ਹੈ ਕਿ ਕਾਂਗਰਸ ਦੁਬਾਰਾ ਸੱਤਾ ਦੇ ਵਿੱਚ ਕਿਵੇਂ ਆਵੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਿਰਫ ਵੱਡੇ ਮੁੱਦਿਆਂ ਉੱਪਰ ਹੀ ਗੱਲ ਕਰਦੇ ਹਨ।