ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਪਿਛਲੇ ਦਹਾਕੇ ਵਿੱਚ ਕਈ ਰੰਗ ਵੇਖਣ ਨੂੰ ਮਿਲੇ ਹਨ। ਉਹ ਮੌਕੇ ‘ਤੇ ਚੌਕਾ ਮਾਰਨ ਦੇ ਮਾਹਰ ਹਨ। ਕਿਸੇ ਵੇਲੇ ਉਸੇ ਭਾਜਪਾ ਦੇ ਗੁਣ ਗਾਉਂਦੇ ਸੁਣੇ ਗਏ, ਜਿਸ ਦੀ ਟਿਕਟ ‘ਤੇ ਉਹ ਤਿੰਨ ਵਾਰ ਸੰਸਦ ਮੈਂਬਰ ਬਣੇ ਪਰ ਪੰਜਾਬ ਦੀ ਸੇਵਾ ਦੇ ਨਾਂ ‘ਤੇ ਸੂਬੇ ਦੀ ਰਾਜਨੀਤੀ ਵਿੱਚ ਕਦਮ ਰੱਖਣ ਲਈ ਉਨ੍ਹਾਂ ਕਾਂਗਰਸ ਦਾ ਪੱਲਾ ਫੜ ਲਿਆ। ਪਾਲਾ ਬਦਲਣ ਦੇ ਨਾਲ ਹੀ ਉਨ੍ਹਾਂ ਨੇ ਰੰਗ ਵੀ ਬਦਲ ਲਿਆ ਤੇ ਆਪਣੀ ਪੁਰਾਣੀ ਪਾਰਟੀ ਭਾਜਪਾ ਦੇ ਚੋਟੀ ਦੇ ਆਗੂ ਦੇ ਪੋਤੜੇ ਫਰੋਲਣ ਤੱਕ ਦੀਆਂ ਹੱਦਾਂ ਪਾਰ ਕਰ ਗਏ। ਹੁਣ ਪਿਛਲੇ ਪੰਜ ਸਾਲਾਂ ਤੋਂ ਉਹ ਕਾਂਗਰਸ ਵਿੱਚ ਹਨ ਤੇ ਕਾਂਗਰਸ ਨੇ ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾ ਕੇ ਮਾਣ ਵੀ ਬਖਸ਼ਿਆ ਪਰ ਸ਼ਾਇਦ ਸਿੱਧੂ ਦੀ ਚਾਹਨਾਂ ਇਸ ਤੋਂ ਵੀ ਵੱਧ ਸ਼ਾਇਦ ਉਨ੍ਹਾਂ ਦੇ ਨਾਂ ਦਾ ਐਲਾਨ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਕਰਵਾਉਣ ਦੀ ਹੋਵੇ।
ਇਨ੍ਹੀਂ ਦਿਨੀਂ ਕਾਂਗਰਸ ਹਾਈਕਮਾਂਡ ਪੁਰਾਣੇ ਚਿਹਰੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਜਾਣ ਦਾ ਐਲਾਨ ਕਰ ਚੁੱਕੀ ਹੈ ਤੇ ਇਸ ਦੇ ਨਾਲ ਹੀ ਸਿੱਧੂ ਨੇ ਮੁੜ ਨਾ ਸਿਰਫ ਕੈਪਟਨ, ਸਗੋਂ ਕਾਂਗਰਸ ਪਾਰਟੀ ਵਿਰੁੱਧ ਹੀ ਮੋਰਚਾ ਖੋਲ੍ਹ ਦਿੱਤਾ ਹੈ ਤੇ ਉਹ ਫੈਸਲੇ ਲੈਣ ਦੀ ਖੁੱਲ੍ਹ ਨਾ ਮਿਲਣ ਦੀ ਸੂਰਤ ਵਿੱਚ ਇੱਟ ਨਾਲ ਇੱਟ ਖੜਕਾਉਣ ਦੇ ਬਿਆਨ ਤੱਕ ਉਤਰ ਆਏ ਹਨ। ਹੁਣ ਅਜਿਹੇ ਵਿੱਚ ਵੇਖਣਾ ਇਹ ਹੋਵੇਗਾ ਕਿ ਉਹ ਆਪਣੀ ਇੱਛਾ ਦੀ ਪੂਰਤੀ ਨਾ ਹੋਣ ‘ਤੇ ਕਿਸੇ ਹੋਰ ਪਾਰਟੀ ਵੱਲ ਜਾਣ ਦੀ ਰਾਹ ਅਪਨਾਉਂਦੇ ਹਨ ਜਾਂ ਕੋਈ ਹੋਰ ਰਾਜਨੀਤਕ ਖੇਡ ਖੇਡਦੇ ਹਨ। ਉੰਜ ਉਨ੍ਹਾਂ ਬਾਰੇ ਦੂਜੀ ਪਾਰਟੀਆਂ ਦੇ ਆਗੂ ਕਹਿਣ ਲੱਗ ਗਏ ਹਨ ਕਿ ਸਿੱਧੂ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਹਨ। ਇਹ ਵੀ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਕਿਸੇ ਸਿੱਖ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਤਾਰੇਗੀ।
ਰੰਗ ਬਦਲਦੇ ਸਿੱਧੂ ਦੇ ਕੁਝ ਬਿਆਨ ਇਸ ਤਰ੍ਹਾਂ ਹਨ:
ਭਾਜਪਾ ‘ਚ ਰਹਿੰਦਿਆਂ ਉਨ੍ਹਾਂ ਚੋਣਾਂ ਦੌਰਾਨ ਉਤਰ ਪ੍ਰਦੇਸ਼ ਵਿਖੇ ਇੱਕ ਰੈਲੀ ਵਿੱਚ ਕਿਹਾ ਸੀ ਕਿ ਪੰਜ ਸਾਲ ਤੱਕ ਸਾਰ ਨਾ ਲੈਣ ਵਾਲੇ ਰਾਹੁਲ ਗਾਂਧੀ ਲੋਕਾਂ ਵਿਚ ਪਾੜ ਪਾਉਣ ਆ ਗਏ ਹਨ ਤੇ ਰਾਹੁਲ ਨੇ ਕਿਹਾ ਹੈ ਕਿ ਜੇਕਰ ਗਾਂਧੀ ਪਰਿਵਾਰ ਦਾ ਕੋਈ ਵਿਅਕਤੀ ਯੂਪੀ ਦਾ ਮੁੱਖ ਮੰਤਰੀ ਹੁੰਦਾ ਤਾਂ ਬਾਬਰੀ ਮਸਜਿਦ ਨਾ ਢਾਹੀ ਜਾਂਦੀ। ਸਿੱਧੂ ਨੇ ਉਸ ਵੇਲੇ ਭਾਸ਼ਣ ਵਿੱਚ ਕਿਹਾ ਸੀ ਕਿ ਜੇਕਰ 84 ਵਿੱਚ ਪ੍ਰਧਾਨ ਮੰਤਰੀ ਗਾਂਧੀ ਪਰਿਵਾਰ ਤੋਂ ਨਾ ਹੁੰਦਾ ਤਾਂ ਸਿੱਖ ਕਤਲੇਆਮ ਨਾ ਹੁੰਦਾ।
ਇਸ ਬਿਆਨ ਦੇ ਬਿਲਕੁਲ ਉਲਟ ਹੁਣ ਕਾਂਗਰਸੀ ਬਣੇ ਸਿੱਧੂ ਨੇ ਇੱਕ ਰੈਲੀ ਦੌਰਾਨ ਭਾਸ਼ਣ ‘ਚ ਕਿਹਾ ਕਿ ‘ਰਾਮ ਨਾਮ ਕੀ ਲੂਟ ਹੈ, ਲੂਟ ਸਕੇ ਤੋ ਲੂਟ, ਤੀਨ ਮੋਦੀ ਭਾਗ ਗਏ, ਚੌਥਾ ਬੋਲ ਰਹਾ ਝੂਠ‘। ਇਸ ਰੈਲੀ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਉਹ ਮੋਦੀ ਦੇ ਪੋਤੜੇ ਫਰੋਲਣ ਆਏ ਹਨ। ਇਸ ਦੇ ਨਾਲ ਹੀ ਇਹ ਕਿਹਾ ਕਿ ਉਹ ਭਾਜਪਾ ਵਿਰੁੱਧ ਇਸ ਲਈ ਬੋਲ ਰਹੇ ਹਨ ਕਿ ਲੋਕ ਇਹ ਯਾਦ ਰੱਖਣ ਕਿ ਜਦੋਂ ਦੇਸ਼ ਲੁਟ ਰਿਹਾ ਸੀ ਤਾਂ ਸਿੱਧੂ ਚੁੱਪ ਨਹੀਂ ਸੀ ਬੈਠਾ।
ਇਹ ਕਾਂਗਰਸ ਵਿੱਚ ਆਉਣ ‘ਤੇ ਬਿਆਨ ਸੀ ਪਰ ਹੁਣ ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਪਾਰਟੀ ਨੇ ਉਨ੍ਹਾਂ ਨੂੰ ਫੈਸਲੇ ਲੈਣ ਦੀ ਖੁੱਲ੍ਹ ਨਾ ਦਿੱਤੀ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਇਸੇ ਬਿਆਨ ਨੂੰ ਲੈ ਕੇ ਜਿਥੇ ਕਾਂਗਰਸ ਵਿੱਚ ਭੁਚਾਲ ਆਇਆ ਹੋਇਆ ਹੈ, ਉਥੇ ਦੂਜੀਆਂ ਪਾਰਟੀਆਂ ਵੀ ਸਿੱਧੂ ਨੂੰ ਕਰੜੇ ਹੱਥੀਂ ਲੈ ਰਹੀਆਂ ਹਨ ਕਿ ਉਨ੍ਹਾਂ ਦੇ ਸਲਾਹਕਾਰਾਂ ਨੇ ਦੇਸ਼ ਵਿਰੋਧੀ ਬਿਆਨ ਦਿੱਤਾ ਤੇ ਇਹ ਸਾਰਾ ਕੁਝ ਆਈਐਸਆਈ ਦੇ ਕਹਿਣ ‘ਤੇ ਕੀਤਾ ਗਿਆ।