ਚੰਡੀਗੜ੍ਹ: ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਦੇਹਲਾਂ ਸ਼ੀਹਾਂ ਜ਼ਿਲਾ ਸੰਗਰੂਰ ਦੀ ਸਮੂਹ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਹੋਏ ਨੌਜਵਾਨਾਂ ਨੂੰ ਛੁਡਵਾਉਣ ਵਿਚ ਨਿਭਾਈ ਭੂਮਿਕਾ ਬਦਲੇ ਮਨਜਿੰਦਰ ਸਿੰਘ ਸਿਰਸਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਨਮਾਨ ਸਮਾਗਮ ਵਿਚ ਪਿੰਡ ਦੀ ਪੰਚਾਇਤ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਸਿਰਸਾ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਡੱਟ ਕੇ ਨਿਤਰਣ ਤੇ ਕਿਸਾਨ ਪਰੇਡ ਦੌਰਾਨ ਗਲਤ ਢੰਗ ਨਾਲ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਛੁਡਵਾਉਣ ਵਿਚ ਨਿਭਾਈ ਸਰਗਰਮ ਭੂਮਿਕਾ ਦੀ ਭਰਵੀਂ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਅਜਿਹੇ ਵਿਅਕਤੀ ‘ਤੇ ਮਾਣ ਹੈ ਜੋ ਕੌਮ ਲਈ ਡੱਟ ਕੇ ਖੜਾ ਹੈ।
ਇਸ ਸਨਮਾਨ ਲਈ ਸਮੁੱਚੀ ਪੰਚਾਇਤ, ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਜੀ ਨੇ ਦੁਨੀਆਂ ਨੂੰ ਦੱਸਣਾ ਕੀਾ ਕਿ ਮੀਰੀ ਤੇ ਪੀਰੀ ਦਾ ਸਿਧਾਂਤ ਕੀ ਹੈ। ਉਹਨਾਂ ਕਿਹਾ ਕਿ ਅਕਾਲੀ ਫੂਲਾ ਸਿੰਘ ਨੇ ਜਦੋਂ ਵੀ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਤੇ ਮੁੜ ਕੇ ਪਿੱਛੇ ਨਹੀਂ ਵੇਖਿਆ। ਉਹਨਾਂ ਕਿਹਾ ਕਿ ਸਿੰਘਾਂ ‘ਤੇ ਹਮੇਸ਼ਾ ਗੁਰੂ ਦੀ ਬਖਸ਼ਿਸ਼ ਰਹੀ ਹੈ।
ਉਹਨਾਂ ਕਿਹਾ ਕਿ ਭਾਵੇਂ ਬੰਗਾਲ ਵਿਚ ਬਲਵਿੰਦਰ ਸਿੰਘ ਸਾਬਕਾ ਫੌਜੀ ਦਾ ਮਾਮਲਾ ਹੋਵੇ ਜਾਂ ਉੱਤਰਾਖੰਡ ਜਾਂ ਕਿਸੇ ਵੀ ਥਾਂ ਦਾ ਹਮੇਸ਼ਾ ਗੁਰੂ ਦੇ ਸੇਵਕਾਂ ਨੁੰ ਫਤਿਹ ਮਿਲੀ ਹੈ।
ਉਹਨਾਂ ਕਿਹਾ ਕਿ ਜਿਹੜੇ ਪੁਲਿਸ ਵਾਲਿਆਂ ਨੇ ਗਲਤ ਕੇਸ ਦਰਜ ਕੀਤੇ ਹਨ, ਇਕ ਦਿਨ ਉਹ ਮੁਆਫ਼ੀ ਮੰਗਣ ਆਉਣਗੇ। ਉਹਨਾਂ ਨੇ ਸਨਮਾਨ ਲਈ ਸਮੁੱਚੀ ਸੰਗਤ ਦਾ ਕੋਟਿ ਕੋਟਿ ਧੰਨਵਾਦ ਕੀਤਾ ਤੇ ਭਰੋਸਾ ਦੁਆਇਆ ਕਿ ਉਹ ਕੌਮ ਦੇ ਨਿਮਾਣੇ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਰਹਿਣਗੇ।