ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ 10 ਮੰਤਰੀਆਂ ਨੇ ਰਾਜਭਵਨ ਵਿਖੇ ਸਹੁੰ ਚੁੱਕ ਲਈ ਹੈ। ਇਸੇ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਸਪੀਕਰ ਵੱਜੋਂ ਕੋਟਕਪੂਰਾ ਤੋਂ ਆਪ ਵਿਧਾਇਕ ਕੁਲਤਾਰ ਸੰਧਵਾ ਨੂੰ ਨਾਮਜ਼ਦ ਕੀਤਾ ਗਿਆ ਹੈ। ਜੇਕਰ ਉਨ੍ਹਾਂ ਦੀ ਚੋਣ ਹੋ ਜਾਂਦੀ ਹੈ ਤਾਂ ਕੁਲਤਾਰ ਸਿੰਘ ਸੰਧਵਾ 16ਵੀਂ ਵਿਧਾਨਸਭਾ ਦੇ ਸਪੀਕਰ ਬਣ ਜਾਣਗੇ।
ਆਮ ਆਦਮੀ ਪਾਰਟੀ ਵੱਲੋਂ ਕੁਲਤਾਰ ਸਿੰਘ ਸੰਧਵਾ ਨੂੰ ਨਾਮਜ਼ਦ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਪਾਰਟੀ ਦਾ ਧੰਨਵਾਦ ਕੀਤਾ ਗਿਆ। ਕੋਟਕਪੂਰਾ ਤੋਂ ਆਪ ਵਿਧਾਇਕ ਕੁਲਤਾਰ ਸੰਧਵਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।
ਕੌਣ ਹਨ ਕੁਲਤਾਰ ਸਿੰਘ ਸੰਧਵਾ
ਵਿਧਾਇਕ ਕੁਲਤਾਰ ਸਿੰਘ ਸੰਧਵਾ ਪਿੰਡ ਸੰਧਵਾ ਦੇ ਰਹਿਣ ਵਾਲੇ ਹਨ ਜੋ ਕਿ ਇਸੇ ਪਿੰਡ ਦੇ ਰਹਿਣ ਵਾਲੇ ਦੇਸ਼ ਦੇ ਰਾਸ਼ਟਰਪਤੀ ਰਹੇ ਗਿਆਨੀ ਜੈਲ ਸਿੰਘ ਦੇ ਛੋਟੇ ਭਰਾ ਦੇ ਪੋਤੇ ਹਨ। 1994 ਚ ਗਿਆਨੀ ਜੈਲ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਪਾਰੀ ਨੂੰ ਉਨ੍ਹਾਂ ਦੇ ਪੋਤੇ ਕੁਲਤਾਰ ਸਿੰਘ ਸੰਧਵਾ ਨੇ ਅੱਗੇ ਵਧਾਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਕੁਲਤਾਰ ਸਿੰਘ ਸੰਧਵਾ ਦੀ ਵਿਦਿਅਕ ਯੋਗਤਾ
ਕੁਲਤਾਰ ਸਿੰਘ ਸੰਧਵਾ ਦਾ ਜਨਮ 16 ਅਪ੍ਰੈਲ 1975 ਚ ਪਿੰਡ ਸੰਧਵਾ ’ਚ ਜਗਤਾਰ ਸਿੰਘ ਅਤੇ ਗੁਰਮੇਲ ਸਿੰਘ ਦੇ ਘਰ ਹੋਇਆ ਸੀ। ਉਨ੍ਹਾਂ ਦੇ ਦਾਦਾ ਜਗੀਰ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸਕੇ ਭਰਾ ਸੀ। ਦੱਸ ਦਈਏ ਕਿ ਕੁਲਤਾਰ ਸਿੰਘ ਸੰਧਵਾ ਨੇ ਕਰਨਾਟਕ ਦੀ ਯੂਨੀਵਰਸਿਟੀ ਤੋਂ ਆਟੋਮੋਬਾਈਨ ਇੰਜੀਨਅਰ ਕੀਤੀ ਸੀ।
ਕੁਲਤਾਰ ਸਿੰਘ ਸੰਧਵਾ ਦਾ ਸਿਆਸੀ ਸਫ਼ਰ
ਉੱਥੇ ਹੀ ਜੇਕਰ ਕੁਲਤਾਰ ਸਿੰਘ ਸੰਧਵਾ ਦੇ ਹੁਣ ਤੱਕ ਦੇ ਸਿਆਸੀ ਸਫਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2003 ਚ ਪਹਿਲੀ ਵਾਰ ਪੰਚਾਇਤ ਚੋਣ ਲੜਿਆ। ਸਾਲ 2003 ਤੋਂ ਲੈ ਕੇ 2008 ਤੱਕ ਉਹ ਪਿੰਡ ਦੇ ਸਰਪੰਚ ਰਹੇ। ਇਸ ਤੋਂ ਬਾਅਦ ਸਾਲ 2011 ਤੋਂ 12 ਚ ਆਮ ਆਦਮੀ ਪਾਰਟੀ ਨੇ ਮੈਂਬਰ ਦੇ ਲਈ ਅਭਿਆਨ ਸ਼ੁਰੂ ਕੀਤਾ ਤਾਂ ਉਹ ਪਾਰਟੀ ਦੇ ਮੈਂਬਰ ਬਣ ਗਏ। ਸਾਲ 2017 ’ਚ ਉਨ੍ਹਾਂ ਨੇ ਕੋਟਕਪੁਰਾ ਵਿਧਾਨਸਭਾ ਖੇਤਰ ਤੋਂ ਚੋਣ ਜਿੱਤੀ ਸੀ। ਕੋਟਕਪੁਰਾ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੜ ਆਖਿਆ ਜਾਂਦਾ ਰਿਹਾ ਸੀ।
ਕਈ ਮੁੱਦਿਆ ’ਤੇ ਵਿਰੋਧੀਆ ਨੂੰ ਘੇਰਦੇ ਆ ਰਹੇ ਸੰਧਵਾ
ਕੁਲਤਾਰ ਸਿੰਘ ਸੰਧਵਾ ਦੀ ਰਾਜਨੀਤੀ ’ਚ ਪਛਾਣ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪਰਿਵਾਰਿਕ ਮੈਂਬਰ ਹੋਣ ਦੇ ਤੌਰ ’ਤੇ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਜਾਣ ਦੇ ਲਈ ਵੱਡੀਆਂ ਭੂਮਿਕਾ ਨਿਭਾਈ ਹੈ। ਕਿਸਾਨ ਅੰਦੋਲਨ ਦੇ ਸਮੇਂ ਉਨ੍ਹਾਂ ਦੇ ਕਾਰਨ ਹੀ ਪਾਰਟੀ ਦੀ ਪਛਾਣ ਕਿਸਾਨ ਪੱਖੀ ਬਣੀ ਸੀ। ਕਿਉਂਕਿ ਉਨ੍ਹਾਂ ਦਾ ਸਾਰਾ ਪਰਿਵਾਰ ਪਿੰਡ ਚ ਰਹਿੰਦਾ ਹੈ ਅਤੇ ਕਿਸਾਨੀ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜੋ: ਮਿਹਨਤਕਸ਼ ਤੇ ਸਮਾਜ ਸੇਵੀ ਹਨ ਇਕਲੌਤੇ ਮਹਿਲਾ ਮੰਤਰੀ ਡਾਕਟਰ ਬਲਜੀਤ ਕੌਰ, ਜਾਣੋ ਜੀਵਨਸ਼ੈਲੀ