ਚੰਡੀਗੜ੍ਹ: ਸੈਕਟਰ 15 ਸਥਿਤ ਕਾਂਗਰਸ ਭਵਨ ਦੇ ਵਿੱਚ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਆਵਲਾ ਸਣੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਦੇ ਵਿੱਚ ਫਾਜ਼ਿਲਕਾ ਤੇ ਜਲਾਲਾਬਾਦ ਮਾਰਕੀਟ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਜਥੇਦਾਰ ਚਰਨ ਸਿੰਘ ਆਪਣੇ ਸਾਥੀਆਂ ਪ੍ਰਧਾਨ ਸਮੇਤ ਅਕਾਲੀ ਦਲ ਨੂੰ ਛੱਡ ਕਾਂਗਰਸ ਚ ਸ਼ਾਮਲ ਹੋ ਗਏ ਹਨ।
ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਜਥੇਦਾਰ ਚਰਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਾਂਗਰਸ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਸ ਦੌਰਾਨ ਕਿਹਾ ਕਿ ਜਥੇਦਾਰ ਚਰਨ ਸਿੰਘ ਜਵਾਨੀ ਦੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਸਨ ਤੇ ਉਨ੍ਹਾਂ ਲਈ ਪਾਰਟੀ ਬਦਲਣਾ ਇੱਕ ਧਰਮ ਪਰਿਵਰਤਨ ਦੇ ਬਰਾਬਰ ਹੈ ਤੇ ਉਨ੍ਹਾਂ ਨੂੰ ਕਾਂਗਰਸ ਵਿੱਚ ਬਣਦਾ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਜਾਖੜ ਨੇ ਕਿਹਾ ਕਿ ਅਕਾਲੀ ਦਲ ਹੁਣ ਪਹਿਲਾਂ ਵਾਲੇ ਸਿਧਾਂਤਾਂ 'ਤੇ ਨਹੀਂ ਚੱਲਦਾ ਮਾਡਰਨ ਅਕਾਲੀ ਦਲ ਨੇ ਪੰਥ ਤੇ ਕਿਸਾਨ ਦੇ ਪਿੱਠ ਵਿੱਚ ਛੁਰਾ ਮਾਰਿਆ ਹੈ।
ਅਕਾਲੀ ਦਲ ਨੂੰ ਛੱਡ ਕਾਂਗਰਸ 'ਚ ਸ਼ਾਮਲ ਹੋਏ ਜਥੇਦਾਰ ਚਰਨ ਸਿੰਘ ਨੇ ਕਿਹਾ ਕਿ ਅਕਾਲੀ ਦਲ ਪਹਿਲਾਂ ਵਾਲਾ ਅਕਾਲੀ ਦਲ ਨਹੀਂ ਰਿਹਾ ਤੇ ਉਹ ਬਾਦਲਾਂ ਤੋਂ ਅਕਾਲੀ ਦਲ ਨੂੰ ਮੁਕਤ ਕਰਵਾਉਣਾ ਚਾਹੁੰਦੇ ਹਨ।