ਚੰਡੀਗੜ੍ਹ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਦੁਪਹਿਰ 12 ਵਜੇ ਕਰਨਾਲ ਜੇਲ੍ਹ ਵਿੱਚ ਕੈਦ ਨੌਦੀਪ ਕੌਰ ਨਾਲ ਮੁਲਾਕਾਤ ਕਰਨੀ ਸੀ ਪਰ ਇਸ ਤੋਂ ਪਹਿਲਾਂ ਹੀ ਜੇਲ੍ਹ ਸੁਪਰਡੈਂਟ ਨੇ ਮਨੀਸ਼ਾ ਗੁਲਾਟੀ ਨੂੰ ਨੋਦੀਪ ਕੌਰ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਜੇਲ੍ਹ ਸੁਪਰਡੈਂਟ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ ਉਹ ਪਹਿਲਾਂ ਹਰਿਆਣਾ ਸਰਕਾਰ ਤੋਂ ਇਸ ਸਬੰਧੀ ਮਨਜ਼ੂਰੀ ਲੈਣੀ ਕੇ ਆਉਣ।
ਕੌਣ ਹੈ ਨੌਦੀਪ ਕੌਰ, ਕਿਵੇਂ ਗਈ ਜੇਲ੍ਹ
ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਗਿਆਦੜ ਦੀ ਨੌਦੀਪ ਕੌਰ ਨਿਵਾਸੀ ਹੈ। ਉਨ੍ਹਾਂ ਦੀ ਉਮਰ 23 ਸਾਲਾ ਹੈ ਤੇ ਉਹ ‘ਮਜ਼ਦੂਰ ਅਧਿਕਾਰ ਸੰਗਠਨ’ ਦੀ ਮੈਂਬਰ ਹਨ। ਬੀਤੀ 12 ਜਨਵਰੀ ਨੂੰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਉਨ੍ਹਾਂ ਨੂੰ ਸਾਥੀਆਂ ਸਮੇਤ ਉਸ ਵੇਲੇ ਗ੍ਰਿਫ਼ਤਾਰ ਕੀਤਾ, ਜਦੋਂ ਉਹ ਇੱਕ ਉਦਯੋਗਿਕ ਇਕਾਈ ਦਾ ਘਿਰਾਓ ਕਰ ਰਹੀ ਸਨ ਅਤੇ ਕੰਪਨੀ ਤੋਂ ਧਨ ਦੀ ਮੰਗ ਕਰ ਰਹੇ ਸਨ। ਨੌਦੀਪ ਕੌਰ ਇਸ ਵੇਲੇ ਹਰਿਆਣਾ ਦੀ ਕਰਨਾਲ ਜੇਲ੍ਹ ’ਚ ਕੈਦ ਹਨ ਤੇ ਉਨ੍ਹਾਂ ਨੂੰ ਇਰਾਦਾ-ਏ-ਕਤਲ ਤੇ ਫਿਰੌਤੀ ਵਸੂਲਣ ਜਿਹੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਈਕੋਰਟ ਕਰ ਰਿਹਾ ਨੌਦੀਪ ਕੌਰ ਦੇ ਮਾਮਲੇ 'ਚ ਕਾਰਵਾਈ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਵੇਲੇ ਜੇਲ੍ਹ ’ਚ ਬੰਦ ਨੌਦੀਪ ਕੌਰ ਦੇ ਮਾਮਲੇ ਵਿੱਚ ਖ਼ੁਦ ਕਾਰਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕਿਰਤੀਆਂ ਦੇ ਅਧਿਕਾਰਾਂ ਲਈ ਲੜਨ ਵਾਲੀ ਨੌਦੀਪ ਕੌਰ ਸਬੰਧੀ ਸੂਬਾ ਸਰਕਾਰ ਤੋਂ ਆਉਂਦੀ 24 ਫ਼ਰਵਰੀ ਤੱਕ ਜਵਾਬ ਮੰਗਿਆ ਹੈ।
ਸਮਾਜਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਸੀ ਕਿ ਰਾਜ ਦਾ ਮਹਿਲਾ ਕਮਿਸ਼ਨ ਨੌਦੀਪ ਕੌਰ ਨੂੰ ਕਾਨੂੰਨੀ ਸਹਾਇਤਾ ਦੇਵੇਗਾ। ਇਸ ਦੇ ਨਾਲ ਹੀ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਨੇ ਕੌਮੀ ਮਹਿਲਾ ਕਮਿਸ਼ਨ ਨੂੰ ਅਪੀਲ ਕੀਤੇ ਜਾਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੌਦੀਪ ਕੌਰ ਦੇ ਮਾਮਲੇ ‘ਚ ਸੀਨੀਅਰ ਪੁਲਿਸ ਕਪਤਾਨ ਸੋਨੀਪਤ ਤੋਂ 15 ਫ਼ਰਵਰੀ ਤੱਕ ਪੜਤਾਲੀਆ ਰਿਪੋਰਟ ਤਲਬ ਕਰਵਾਈ।
ਨੌਦੀਪ ਕੌਰ ਨੂੰ ਇੱਕ ਕੇਸ 'ਚ ਮਿਲੀ ਰਾਹਤ
ਸੋਨੀਪਤ ਦੀ ਜ਼ਿਲ੍ਹਾ ਅਦਾਲਤ ਨੇ ਇੱਕ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ ਪਰ ਹੋਰ ਮਾਮਲਿਆਂ ਕਾਰਨ ਉਹ ਫ਼ਿਲਹਾਲ ਜੇਲ੍ਹ ਵਿੱਚ ਹੈ। ਮਿਲੀ ਜਾਣਕਾਰੀ ਮੁਤਾਬਕ ਨੌਦੀਪ ਕੌਰ ਵਿਰੁੱਧ ਤਿੰਨ ਮਾਮਲੇ ਦਰਜ ਹੋਏ ਹਨ, ਜਿਨ੍ਹਾਂ 'ਚੋਂ ਦਸੰਬਰ 2020 ਦੇ ਮਾਮਲੇ ਵਿੱਚ ਉਸ ਨੂੰ ਜ਼ਮਾਨਤ ਮਿਲੀ ਹੈ। ਸਾਲ 2021 'ਚ ਦਰਜ ਮਾਮਲੇ ਵਿੱਚ ਜ਼ਮਾਨਤ ਲਈ ਸੋਨੀਪਤ ਦੀ ਜ਼ਿਲ੍ਹਾ ਅਦਾਲਤ 'ਚ ਅਰਜ਼ੀ ਦਾਖ਼ਲ ਕੀਤੀ ਗਈ ਹੈ ਜਿਸ ਦੀ ਸੁਣਵਾਈ ਹੋਵੇਗੀ। ਤੀਜੇ ਕੇਸ ਦੀ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਣ ਦੀ ਉਮੀਦ ਹੈ।