ਚੰਡੀਗੜ੍ਹ : ਪੰਜਾਬ ਵਜ਼ਾਰਤ ਦੀ ਅੱਜ ਹੋਣ ਵਾਲੀ ਬੈਠਕ ਇੱਕ ਵਾਰ ਮੁੜ ਮੁਲਤਵੀ ਹੋ ਗਈ ਹੈ। ਇਸ ਮੀਟਿੰਗ ਤੋਂ ਪਹਿਲਾ ਪੰਜਾਬ ਦੇ ਮੰਤਰੀਆਂ ਅਤੇ ਅਫ਼ਸਰਾਂ ਵਿੱਚਕਾਰ ਆਬਾਕਾਰੀ ਨੀਤੀ ਸਬੰਧੀ ਮੀਟਿੰਗ ਹੋਣੀ ਸੀ। ਇਸ ਮੀਟਿੰਗ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਕਰਨ ਅਵਤਾਰ ਸਿੰਘ ਵਿੱਚ ਕਿਸੇ ਗੱਲ ਤੋਂ ਖਹਿਬਾਜ਼ੀ ਹੋ ਗਈ, ਜਿਸ ਤੋਂ ਬਾਅਦ ਮਨਪ੍ਰੀਤ ਬਾਦਲ ਮੀਟਿੰਗ ਵਿੱਚੋਂ ਉੱਠ ਕੇ ਚਲੇ ਗਏ।
ਮਨਪ੍ਰੀਤ ਬਾਦਲ ਦੇ ਵਾਪਸ ਜਾਣ ਤੋਂ ਬਾਅਦ ਮੰਤਰੀ ਚਰਨਜੀਤ ਸਿੰਘ ਚੰਨੀ , ਸੁਖਜਿੰਦਰ ਸਿੰਘ ਰੰਧਾਵਾ ਵਾਰੋ-ਵਾਰੋ ਮੀਟਿੰਗ ਵਾਲੀ ਥਾਂ ਤੋਂ ਚਲੇ ਗਏ। ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੂੰ ਕਰਨ ਅਵਤਾਰ ਸਿੰਘ ਰੋਕਦੇ ਹੋਏ ਨਜ਼ਰ ਆਏ।
ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਸਕੰਟ ਵਿੱਚ ਪੰਜਾਬ ਦੀ ਆਬਾਕਾਰੀ ਨੀਤੀ , ਝੌਨੇ ਦੀ ਲੁਆਈ , ਕਿਰਤ ਕਾਨੂੰਨ ਆਦਿ ਸਬੰਧੀ ਇਹ ਮੀਟਿੰਗ ਹੋਣੀ ਸੀ, ਜੋ ਕਿ ਮੁਲਤਵੀ ਹੋ ਗਈ ਅਤੇ ਸੋਮਵਾਰ ਨੂੰ ਮੁੜ ਬੈਠਕ ਹੋਵੇਗੀ । ਫਿਲਹਾਹ ਇਸ ਬੈਠਕ ਦੇ ਮੁਲਤਵੀ ਹੋਣ ਦੇ ਸਪਸ਼ਟ ਕਾਰਨ ਤਾਂ ਅਧਿਕਾਰਤ ਤੌਰ 'ਤੇ ਸਾਹਮਣੇ ਨਹੀਂ ਆਏ ਹਨ।