ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਅੱਜ ਮੁਲਕ 'ਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ 4 ਘੰਟਿਆਂ ਲਈ ਚੱਕਾ ਜਾਮ ਕੀਤਾ ਜਾਵੇਗਾ। ਬੁੱਧਵਾਰ ਨੂੰ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਕੇ ਇਸ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ ਹੈ।
4 ਘੰਟਿਆਂ ਲਈ ਪੰਜਾਬ ਤੇ ਹਰਿਆਣਾ ਦੇ ਨਾਲ-ਨਾਲ ਸਮੁੱਚੇ ਦੇਸ਼ 'ਚ ਸੜਕਾਂ ਰੋਕੀਆਂ ਜਾਣਗੀਆਂ। ਪਿਛਲੇ 36 ਦਿਨਾਂ ਤੋਂ ਪੰਜਾਬ 'ਚ ਕਿਸਾਨ ਜਥੇਬੰਦੀਆਂ ਦਾ ਧਰਨਾ ਬਦਸਤੂਰ ਜਾਰੀ ਹੈ।
27 ਅਕਤੂਬਰ ਨੂੰ ਰਾਜਧਾਨੀ 'ਚ ਦੇਸ਼ ਦੀਆਂ 250 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਬੈਠਕ ਮਗਰੋਂ ਦੇਸ਼ 'ਚ 5 ਨਵੰਬਰ ਨੂੰ ਚੱਕਾ ਜਾਮ ਦੀ ਕਾਲ ਦਿੱਤੀ ਸੀ। ਇਸ ਤੋਂ ਇਲਾਵਾ 26 ਅਤੇ 27 ਨਵੰਬਰ ਨੂੰ ਦਿੱਲੀ ਚਲੋ ਦਾ ਸੱਦਾ ਹੈ, ਜਿਸ ਤਹਿਤ ਕਿਸਾਨ ਵੱਖ-ਵੱਖ ਸੂਬਿਆਂ ਤੋਂ ਦਿੱਲੀ ਜਾ ਕੇ ਧਰਨਾ ਪ੍ਰਦਰਸ਼ਨ ਕਰਨਗੇ।
ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਦੀ ਬੈਠਕ ਮਗਰੋਂ ਵੀਐੱਮ ਸਿੰਘ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ, ਰਾਜੂ ਸ਼ੈਟੀ ਅਤੇ ਯੋਗਿੰਦਰ ਯਾਦਵ ਦੀ ਇੱਕ ਸਾਂਝੀ ਕਮੇਟੀ ਬਣਾਈ ਗਈ ਹੈ ਜੋਕਿ ਮੁਲਕ ਭਰ ਦੇ ਕਿਸਾਨਾਂ ਦੇ ਅੰਦੋਲਨ ਬਾਰੇ ਸਾਂਝੀ ਰਣਨੀਤੀ ਉਲੀਕੇਗੀ।
ਉਧਰ ਦੂਜੇ ਪਾਸੇ ਸੂਬੇ 'ਚ ਮਾਲ ਗੱਡੀਆਂ ਦੀ ਬਹਾਲੀ ਸਬੰਧੀ ਪੰਜਾਬ ਦੇ ਸਾਂਸਦ ਅੱਜ ਰੇਲ ਮੰਤਰੀ ਪਿਉਸ਼ ਗੋਇਲ ਨਾਲ ਮੁਲਾਕਾਤ ਕਰਨਗੇ। ਕਾਂਗਰਸ ਸਾਂਸਦ ਅਮਰ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਉਹ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ, ਜਸਬੀਰ ਸਿੰਘ ਗਿੱਲ, ਸੰਤੋਖ ਚੌਧਰੀ, ਮੁਹੰਮਦ ਸਦੀਕ, ਮਨੀਸ਼ ਤਿਵਾੜੀ ਅਤੇ ਗੁਰਜੀਤ ਸਿੰਘ ਔਜਲਾ ਰੇਲ ਮੰਤਰੀ ਨੂੰ ਮਿਲਣਗੇ।
ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਨੇ ਇਹ ਵੀ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਸ਼ਨੀਵਾਰ ਨੂੰ ਪੰਜਾਬ ਐਮ ਪੀਜ਼ ਮੁਲਾਕਾਤ ਕਰਨਗੇ।