ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਚੋਣ ਅਖਾੜਾ ਭਖਿਆ ਹੋਇਆ ਹੈ। ਕਾਂਗਰਸ ਸਾਂਸਦ ਰਵਨੀਤ ਬਿੱਟੂ ਨੇ ਪ੍ਰੈੱਸ ਕਾਨਫਰੰਸ ਕਰ ਆਮ ਆਦਮੀ ਪਾਰਟੀ ’ਤੇ ਜੰਮਕੇ ਨਿਸ਼ਾਨੇ ਸਾਧੇ ਹਨ। ਇਸਦੇ ਨਾਲ ਹੀ ਰਵਨੀਤ ਬਿੱਟੂ ਦਾ ਪੀਐਮ ਮੋਦੀ ਦੀ ਪੰਜਾਬ ਰੈਲੀ ਅਤੇ ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਵੱਲੋਂ ਸੀਐਮ ਚੰਨੀ ਦੀ ਆਮਦਨ ਨੂੰ ਲੈਕੇ ਚੁੱਕੇ ਸਾਵਲਾਂ ’ਤੇ ਬਿਆਨ ਸਾਹਮਣੇ ਆਇਆ ਹੈ।
ਆਪ ’ਤੇ ਵਰ੍ਹੇ ਬਿੱਟੂ
ਆਮ ਆਦਮੀ ਪਾਰਟੀ ਵੱਲੋਂ ਸੀਐਮ ਚੰਨੀ ’ਤੇ ਚੁੱਕੇ ਸਵਾਲਾਂ ’ਤੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਕਾਂਗਰਸ ਨੇ ਗਰੀਬ ਪਰਿਵਾਰ ਦੇ ਵਿਅਕਤੀ ਨੂੰ ਸੀਐਮ ਚਿਹਰਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਹ ਮੌਕਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਹੈ।
ਚੰਨੀ ’ਤੇ ਚੁੱਕੇ ਜਾ ਰਹੇ ਸਵਾਲਾਂ ’ਤੇ ਬਿਆਨ
ਬਿੱਟੂ ਨੇ ਆਪ ’ਤੇ ਇਲਜ਼ਾਮ ਲਗਾਇਆ ਹੈ ਕਿ ਆਪ ਭਾਜਪਾ ਨਾਲ ਮਿਲੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਆਪ ਦੀ ਦਿੱਲੀ ਦੇ ਐਲਜੀ ਨਾਲ ਤਾਂ ਨਹੀਂ ਬਣੀ ਪਰ ਮਾਈਨਿੰਗ ਨੂੰ ਲੈਕੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨ ਦਾ ਸਮਾਂ ਮਿਲ ਗਿਆ। ਬਿੱਟੂ ਨੇ ਸਵਾਲ ਚੁੱਕਦਿਆਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਅਮਿਤ ਸ਼ਾਹ ਦੇ ਕਹਿਣ ’ਤੇ ਕੀਤਾ ਗਿਆ ਹੈ।
ਬਿੱਟੂ ਨੇ ਮਾਇਨਿੰਗ ਨੂੰ ਲੈਕੇ ਘੇਰੀ ਆਪ
ਉਨ੍ਹਾਂ ਕਿਹਾ ਕਿ ਆਪ ਮੂੰਹ ਦਿਖਾਉਣ ਜੋਗੀ ਨਹੀਂ ਹੈ ਕਿਉਂਕਿ ਮਾਈਨਿੰਗ ਮਾਮਲੇ ਵਿੱਚ ਕਲੀਨ ਚਿੱਟ ਮਿਲੀ ਹੈ। ਉਨ੍ਹਾਂ ਦੱਸਿਆ ਕਿ ਰਾਜਪਾਲ ਦੇ ਹੁਕਮਾਂ ’ਤੇ ਜਾਂਚ ਕੀਤੀ ਗਈ ਸੀ ਅਤੇ ਜਿਸ ਵਿੱਚ ਸੀਐਮ ਚੰਨੀ ਬੇਕਸੂਰ ਸਾਬਿਤ ਹੋਏ ਹਨ। ਬਿੱਟੂ ਨੇ ਕਿਹਾ ਕਿ ਚੰਨੀ ਨੂੰ ਸਾਜਿਸ਼ ਤਹਿਤ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿੱਟੂ ਨੇ ਚੰਨੀ ਦੇ ਕੰਮ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ ਸਾਰੇ ਉੱਥੇ ਲੋਕਾਂ ਵਿੱਚ ਉਤਸ਼ਾਹ ਦਿਖਾਈ ਦਿੰਦਾ ਹੈ।
ਪੀਐਮ ਦੀ ਰੈਲੀ ਨੂੰ ਲੈਕੇ ਬਿੱਟੂ ਦਾ ਤੰਜ਼
ਇਸਦੇ ਨਾਲ ਹੀ ਰਵਨੀਤ ਬਿੱਟੂ ਦਾ ਪੀਐਮ ਦਾ ਪੰਜਾਬ ਰੈਲੀਆਂ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀਐਮ ਦੀਆਂ ਪੰਜਾਬ ਰੈਲੀਆਂ ਵਿੱਚ ਇਕੱਠ ਨਾ ਹੋਇਆ ਤਾਂ ਉਨ੍ਹਾਂ ਦੀ ਪਾਰਟੀ ਭੀੜ ਇਕੱਠੀ ਕਰ ਦੇਵੇਗੀ। ਬਿੱਟੂ ਵੱਲੋਂ ਪੀਐਮ ’ਤੇ ਤੰਜ਼ ਕਸਦਿਆਂ ਕਿਹਾ ਗਿਆ ਹੈ ਕਿ ਉਹ ਵਾਰ-ਵਾਰ ਪੀਐਮ ਦੀ ਬੇਇੱਜਤੀ ਹੁੰਦੇ ਨਹੀਂ ਵੇਖ ਸਕਦੇ।
ਰਾਬੀਆ ਸਿੱਧੂ 'ਤੇ ਬਿੱਟੂ ਦਾ ਬਿਆਨ
ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਵੱਲੋਂ ਸੀਐਮ ਚੰਨੀ ਦੀ ਆਮਦਨ ਦੇ ਸਵਾਲ ਬਿਆਨ ’ਤੇ ਬੋਲਦਿਆਂ ਬਿੱਟੂ ਨੇ ਕਿਹਾ ਹੈ ਕਿ ਉਹ ਅਜੇ ਬੱਚੀ ਹੈ ਉਸਦੇ ਬਾਰੇ ਉਹ ਕੀ ਜਵਾਬ ਦੇਣ ?
ਇਹ ਵੀ ਪੜ੍ਹੋ:ਨਵਜੋਤ ਸਿੱਧੂ ਵੱਲੋਂ ਪੰਜਾਬ ਮਾਡਲ ਜਾਰੀ, ਨਾਲ ਹੀ ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ