ਚੰਡੀਗੜ੍ਹ: ਪੰਜਾਬ ਦੇ ਮੰਤਰੀਆ ਅਤੇ ਸੰਤਰੀਆਂ ਵਿੱਚ ਇੱਕ ਅਹਿਮ ਮੀਟਿੰਗ ਵਿੱਚ ਹੋਈ ਤਲਖੀ ਤੋਂ ਬਾਅਦ ਸਿਆਸਤ ਗਰਮ ਹੋ ਚੁੱਕੀ ਹੈ। ਵਿਰੋਧੀ ਧਿਰ ਇਸ ਮੁੱਦੇ ਨੂੰ ਲੈ ਕੇ ਸਰਕਾਰ ਖ਼ਾਸ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹਮਲੇ ਬੋਲ ਰਹੀ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੰਗਾਰਿਆਂ ਹੈ ਕਿ ਜੇਕਰ ਉਨ੍ਹਾਂ ਅੰਦਰ ਪੰਜਾਬ ਪ੍ਰਤੀ ਥੋੜ੍ਹੀ ਬਹੁਤ ਵੀ ਜ਼ਮੀਰ ਜਿੰਦਾ ਹੈ ਤਾਂ ਉਹ ਜਾਂ ਤਾਂ ਸ਼ਾਸਕ ਅਤੇ ਪ੍ਰਸ਼ਾਸਨਿਕ ਤੌਰ 'ਤੇ ਬੁਰੀ ਤਰ੍ਹਾਂ ਨਕਾਰਾ ਹੋ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦੇਣ ਜਾਂ ਫਿਰ ਖ਼ੁਦ ਅਜਿਹੀਆਂ ਕਾਗ਼ਜ਼ੀ ਵਜੀਰੀਆਂ, ਵਿਧਾਇਕੀਆਂ ਨੂੰ ਠੋਕਰ ਮਾਰ ਕੇ ਪੰਜਾਬ ਨਾਲ ਖੜਨ ਦੀ ਜੁਰਅਤ ਦਿਖਾਉਣ।
ਹਰਪਾਲ ਸਿੰਘ ਚੀਮਾ ਨੇ ਲੰਘੇ ਸ਼ਨੀਵਾਰ ਨੂੰ ਇੱਕ ਅਹਿਮ ਬੈਠਕ ਦੌਰਾਨ ਪੰਜਾਬ ਦੇ ਮੰਤਰੀਆਂ ਅਤੇ ਸਮੂਹ ਅਧਿਕਾਰੀਆਂ ਦਰਮਿਆਨ ਹੋਏ ਖੜਕੇ-ਦੜਕੇ 'ਤੇ ਤਿੱਖੀ ਪ੍ਰਤੀਕਿਰਿਆ ਦਰਜ਼ ਕਰਾਈ।
ਚੀਮਾ ਨੇ ਕਿਹਾ ਕਿ ਇੱਕ ਵਾਰ ਫਿਰ ਜੱਗ ਜ਼ਾਹਿਰ ਹੋਇਆ ਹੈ ਕਿ ਪੰਜਾਬ ਅੰਦਰ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਕਥਿਤ ਸਰਕਾਰ 'ਫਾਰਮ ਹਾਊਸ' 'ਚ ਬੈਠ ਕੇ 'ਬਾਬੂ ਸ਼ਾਹੀ ਕੈਬਨਿਟ' ਰਾਹੀਂ ਸ਼ਾਹੀ ਅੰਦਾਜ਼ 'ਚ ਚਲਾਈ ਜਾ ਰਹੀ ਹੈ। ਚੁਣੇ ਹੋਏ ਨੁਮਾਇੰਦੇ 'ਟੁੱਕ 'ਤੇ ਡੇਲੇ' ਦੀ ਹੋਣੀ ਵਰਗੀ ਬੇਬਸੀ ਪ੍ਰਗਟਾ ਰਹੇ ਹਨ। ਅਜਿਹੇ ਆਪਹੁਦਰੇ ਅਤੇ ਬੇਲਗ਼ਾਮ ਨਿਜ਼ਾਮ 'ਚ ਪੰਜਾਬ ਦੀ ਹੋਰ ਬਰਬਾਦੀ ਰੋਕਣ ਲਈ ਜੇਕਰ ਕਾਂਗਰਸੀ ਵਜ਼ੀਰ ਜਾਂ ਵਿਧਾਇਕ ਫ਼ੈਸਲਾਕੁਨ ਆਵਾਜ਼ ਬੁਲੰਦ ਕਰਨ ਦੀ ਥਾਂ ਆਪਣੀਆਂ ਕੁਰਸੀਆਂ ਨੂੰ ਹੀ ਚਿੰਬੜੇ ਰਹਿਣਗੇ ਤਾਂ ਲੋਕਾਂ ਦੀ ਕਚਹਿਰੀ 'ਚ ਅਜਿਹੇ ਖ਼ੁਦਗ਼ਰਜ਼ ਲੀਡਰਾਂ ਕੋਲੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਔਖੇ ਅਤੇ ਚੁਨੌਤੀ ਭਰੇ ਸਮਿਆਂ 'ਚ ਜਨਹਿਤ ਸਰਕਾਰ ਚਲਾਉਣਾ ਕੈਪਟਨ ਅਮਰਿੰਦਰ ਸਿੰਘ ਦੇ ਵੱਸ ਦੀ ਗੱਲ ਨਹੀਂ ਰਹੀ। ਉਮਰ ਅਤੇ ਸ਼ਾਹੀ ਆਦਤਾਂ ਨੇ ਮੁੱਖ ਮੰਤਰੀ ਨੂੰ ਨਾਕਾਬਲ ਬਣਾ ਦਿੱਤਾ ਹੈ। ਬਾਬੂਆਂ ਅਤੇ ਜੀ-ਹਜੂਰਾਂ ਦੀ ਭ੍ਰਿਸ਼ਟ ਅਤੇ ਮਾਫ਼ੀਆ ਪ੍ਰਵਿਰਤੀ ਵਾਲੀ ਕੈਪਟਨ ਦੀ 'ਕਿਚਨ ਕੈਬਨਿਟ' ਹੁਣ ਨਾ ਕੇਵਲ ਪੰਜਾਬ ਅਤੇ ਪੰਜਾਬੀਆਂ ਸਗੋਂ ਖ਼ੁਦ ਕੈਪਟਨ 'ਤੇ ਭਾਰੀ ਪੈ ਚੁੱਕੀ ਹੈ। ਸੋਧੀ ਹੋਈ ਨਵੀਂ ਸ਼ਰਾਬ ਨੀਤੀ ਇਸ ਦੀ ਤਾਜ਼ਾ ਮਿਸਾਲ ਹੈ, ਲੌਕਡਾਊਨ ਦੇ ਮੌਜੂਦਾ ਹਲਾਤ 'ਚ ਪੰਜਾਬ ਦਾ ਸ਼ਰਾਬ ਮਾਫ਼ੀਆ ਨਵੀਆਂ ਸਿਖ਼ਰਾਂ ਛੂਹ ਰਿਹਾ ਹੈ। ਇਹੋ ਵਜਾ ਹੈ ਕਿ ਪੰਜਾਬ 'ਚ ਹਰ ਸਾਲ ਸ਼ਰਾਬ ਦੀ ਖਪਤ ਵਧ ਰਹੀ ਹੈ, ਪਰੰਤੂ ਸਰਕਾਰੀ ਖ਼ਜ਼ਾਨੇ ਨੂੰ ਆਮਦਨੀ ਘੱਟ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਮੰਤਰੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਅਫ਼ਸਰਸ਼ਾਹੀ ਨਾਲ ਖੜਕਾ-ਦੜਕਾ ਹੋਣ ਪਿੱਛੋਂ ਜੋ ਮੰਤਰੀ ਅਫ਼ਸਰਸ਼ਾਹੀ 'ਤੇ ਪੰਜਾਬ ਨੂੰ ਲੁੱਟਣ ਦੇ ਬੇਬਾਕ ਦੋਸ਼ ਲਗਾ ਰਹੇ ਹਨ, ਉਹ ਇਹ ਵੀ ਦੱਸਣ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਣ ਵਾਲੇ ਚੋਰਾਂ ਦਾ 'ਅਲੀਬਾਬਾ' ਕੌਣ ਹੈ, ਕਿਉਂਕਿ ਸਿਆਸੀ ਸਰਪ੍ਰਸਤੀ ਬਗੈਰ ਕੋਈ ਵੀ ਅਜਿਹੀ ਹਮਾਕਤ ਨਹੀਂ ਕਰ ਸਕਦਾ।
ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਤਮਾਸ਼ਬੀਨਾਂ ਵਜੋਂ ਸਿਰਫ਼ ਵਾਕਆਊਟ ਜਾਂ ਬਿਆਨਬਾਜ਼ੀ ਕਰਕੇ ਹੀ ਆਪਣੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਜਨਤਕ ਤੌਰ 'ਤੇ ਹੁਣ ਪੱਤੇ ਖੁੱਲ ਚੁੱਕੇ ਹਨ, ਇਸ ਲਈ ਜਾਂ ਤਾਂ ਉਹ ਪੰਜਾਬ ਨਾਲ ਖੜੇ ਹੋ ਕੇ ਪੰਜਾਬੀਆਂ ਦੇ ਹਿੱਤ ਬਚਾਉਣ ਲਈ ਅੱਗੇ ਆਉਣ ਜਾਂ ਫਿਰ 'ਚੋਰਾਂ' ਨਾਲ ਮਿਲ ਕੇ 'ਅਲੀਬਾਬਾ' ਦੀ ਕੁਰਸੀ ਬਚਾਈ ਰੱਖਣ।
ਚੀਮਾ ਨੇ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤੰਜ ਕੱਸਿਆ ਕਿ ਸਰਕਾਰ ਦੀਆਂ ਲੋਕ ਮਾਰੂ ਅਤੇ ਗ਼ਲਤ ਨੀਤੀਆਂ ਵਿਰੁੱਧ ਜੇਕਰ ਉਨ੍ਹਾਂ ਦੀਆਂ ਸਤਿਕਾਰਯੋਗ ਧਰਮ-ਪਤਨੀਆਂ ਬੋਲ ਸਕਦੀਆਂ ਹਨ ਤਾਂ ਉਹ ਕਿਉਂ ਨਹੀਂ ਬੋਲ ਸਕਦੇ।
ਚੀਮਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਘੇਰਦਿਆਂ ਕਿਹਾ ਕਿ 2017 'ਚ ਕਾਂਗਰਸ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਦੌਰਾਨ ਜਦੋਂ ਤਤਕਾਲੀ ਵਜ਼ੀਰ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਚੋਣ ਮੈਨੀਫੈਸਟੋ ਮੁਤਾਬਿਕ ਪੰਜਾਬ 'ਚ ਸਰਕਾਰੀ ਸ਼ਰਾਬ ਨਿਗਮ ਗਠਿਤ ਕਰਨ ਦੀ ਤਜਵੀਜ਼ ਲਿਆਂਦੀ ਸੀ ਤਾਂ ਉਨ੍ਹਾਂ ਦੇ ਮੂੰਹਾਂ 'ਤੇ ਜਿੰਦਰੇ ਕਿਉਂ ਵੱਜ ਗਏ ਸਨ? ਚੀਮਾ ਮੁਤਾਬਿਕ ਜੇਕਰ ਉਸ ਸਮੇਂ ਵਿੱਤ ਮੰਤਰੀ ਅਤੇ ਬਾਕੀ ਮੰਤਰੀਆਂ ਨੇ ਸ਼ਰਾਬ ਨਿਗਮ ਦੇ ਹੱਕ 'ਚ ਸਟੈਂਡ ਲਿਆ ਹੁੰਦਾ ਤਾਂ ਸ਼ਰਾਬ ਨੀਤੀ ਬਾਰੇ ਇਨ੍ਹਾਂ ਵਜ਼ੀਰਾਂ ਨੂੰ ਅਫ਼ਸਰਾਂ ਹੱਥੋਂ ਬੇਇੱਜ਼ਤ ਹੋ ਕੇ ਬੈਠਕ 'ਚੋਂ ਵਾਕਆਊਟ ਕਰਨ ਦੀ ਨੌਬਤ ਨਾ ਆਉਂਦੀ।