ਚੰਡੀਗੜ੍ਹ: ਪਿਛਲੇ ਦਿਨੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਸੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਦੇ ਕਈ ਲੀਡਰਾਂ ਵਲੋਂ ਭ੍ਰਿਸ਼ਟਾਚਾਰ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਤੋਂ ਫਾਈਲਾਂ ਮੰਗਦੇ ਹਨ ਤਾਂ ਉਹ ਦੇਣ ਨੂੰ ਤਿਆਰ ਹਨ।
ਕੈਪਟਨ ਸੌਂਪਣ ਸਬੂਤ: ਇਸ ਨੂੰ ਲੈਕੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਕਿ ਉਨ੍ਹਾਂ ਦੀ ਸਰਕਾਰ 'ਚ ਭ੍ਰਿਸ਼ਟਾਚਾਰ ਹੋਇਆ ਹੈ, ਜਿਸ 'ਚ ਕਈ ਮੰਤਰੀ ਅਤੇ ਵਿਧਾਇਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦਾ ਕਹਿਣਾ ਕਿ ਉਨ੍ਹਾਂ ਕੋਲ ਇਸ ਬਾਬਤ ਸਬੂਤ ਹਨ, ਜਿਸ ਲਈ ਅਸੀਂ ਕੈਪਟਨ ਸਾਹਿਬ ਤੋਂ ਉਹ ਸਬੂਤ ਮੰਗਦੇ ਹਾਂ।
ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਕੈਬਨਿਟ ਮੰਤਰੀ ਚੀਮਾ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਫਾਈਲਾਂ ਜਾਂ ਸਬੂਤ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਦੇ ਕੇ ਜਾਣਗੇ ਉਸ ਅਧਾਰ 'ਤੇ ਸਰਕਾਰ ਵਲੋਂ ਕਾਰਵਾਈ ਕੀਤੀ ਜਾਵੇਗੀ।
ਜੇਲ੍ਹਾਂ 'ਚ ਭੇਜਾਂਗੇ ਭ੍ਰਿਸ਼ਟਾਚਾਰੀ: ਹਰਪਾਲ ਚੀਮਾ ਦਾ ਕਹਿਣਾ ਕਿ ਉਸ ਭ੍ਰਿਸ਼ਟਾਚਾਰ 'ਚ ਭਾਵੇਂ ਕੋਈ ਮੰਤਰੀ ਹੋਵੇ ਜਾਂ ਵਿਧਾਇਕ ਸਭ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਦੀ ਥਾਂ ਖੁੱਲ੍ਹੇਆਮ ਘੁੰਮਣ ਦੀ ਨਹੀਂ ਸਗੋਂ ਜੇਲ੍ਹ ਦੀਆਂ ਸੀਖਾਂ ਦੇ ਪਿਛੇ ਉਨ੍ਹਾਂ ਦੀ ਥਾਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਜ਼ਲਦੀ ਸਬੂਤ ਸਰਕਾਰ ਨੂੰ ਸੌਂਪਣ ਤਾਂ ਜਲਦੀ ਹੀ ਕਾਰਵਾਈ ਕੀਤੀ ਜਾ ਸਕੇ।
ਸਿੰਗਲਾ ਖਿਲਾਫ਼ ਭ੍ਰਿਸ਼ਟਾਚਾਰੀ ਤਹਿਤ ਕਾਰਵਾਈ: ਦੱਸ ਦਈਏ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਮੰਤਰੀ ਰਹੇ ਡਾ. ਵਿਜੇ ਸਿੰਗਲਾ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਵਲੋਂ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਸੀ ਅਤੇ ਨਾਲ ਹੀ ਪੁਲਿਸ ਨੂੰ ਕਾਰਵਾਈ ਦੇ ਹੁਕਮ ਦਿੱਤੇ ਸੀ। ਜਿਸ 'ਚ ਸਿੰਗਲਾ ਨੂੰ ਪਹਿਲਾਂ ਤਿੰਨ ਦਿਨਾਂ ਰਿਮਾਂਡ 'ਤੇ ਰੱਖ ਕੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ।
ਵਟਸਐਪ ਨੰਬਰ ਕੀਤਾ ਜਾਰੀ: ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਕਾਰ ਬਣਾਉਂਦੇ ਹੀ ਵਟਸਐਪ ਨੰਬਰ ਜਾਰੀ ਕੀਤਾ ਗਿਆ ਸੀ। ਇਸ 'ਚ ਮੁੱਖ ਮੰਤਰੀ ਮਾਨ ਦਾ ਕਹਿਣਾ ਸੀ ਕਿ ਜੇਕਰ ਕਿਤੇ ਵੀ ਕੋਈ ਤੁਹਾਡੇ ਤੋਂ ਕੰਮ ਦੇ ਬਦਲੇ ਰਿਸ਼ਵਤ ਮੰਗਦਾ ਹੈ ਤਾਂ ਇਸ ਨੰਬਰ 'ਤੇ ਸ਼ਿਕਾਇਤ ਭੇਜੀ ਜਾ ਸਕਦੀ ਹੈ। ਜਿਸ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਨਸ਼ੇ ਖ਼ਿਲਾਫ਼ ਪੁਲਿਸ ਵਲੋਂ ਇਸ ਪਿੰਡ 'ਚ ਵੱਡੀ ਕਾਰਵਾਈ, ਘਰ-ਘਰ ਜਾ ਕੇ ਕੀਤੀ ਰੇਡ