ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਫਾਇਰਿੰਗ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਮੁਲਜ਼ਮ ਜੰਗ ਸ਼ੇਰ ਸਿੰਘ ਨੂੰ ਅਗਾਊ ਜ਼ਮਾਨਤ ਦਿੱਤੀ ਹੈ। ਅਦਾਲਤ ਨੇ ਜੰਗ ਸ਼ੇਰ ਸਿੰਘ ਨੂੰ ਸ਼ਰਤਾਂ ਤਹਿਤ ਇਹ ਜ਼ਮਾਨਤ ਦਿੱਤੀ ਹੈ।
ਅਦਾਲਤ ਨੇ ਹੁਕਮ ਜਾਰੀ ਕਰਦੇ ਹੋਏ ਜੰਗ ਸ਼ੇਰ ਸਿੰਘ ਨੂੰ ਦੇਸ਼ ਨਾ ਛੱਡ ਕੇ ਜਾਣ ਤੇ ਇੱਕ ਹਫ਼ਤੇ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ ਜੇਕਰ ਮੁਲਜ਼ਮ ਨੇ ਭਾਰਤ ਛੱਡ ਕੇ ਬਾਹਰ ਜਾਣਾ ਹੋਵੇ ਤਾਂ ਉਸ ਨੂੰ ਅਦਾਲਤ ਤੋਂ ਇਸ ਦੀ ਪ੍ਰਵਾਨਗੀ ਲੈਣੀ ਹੋਵੇਗੀ।
ਇਸ ਮਾਮਲੇ ਵਿੱਚ ਜਨ ਹਿੱਤ ਪਟੀਸ਼ਨ ਦਾਖ਼ਲ ਕਰਨ ਵਾਲੇ ਵਕੀਲ ਰਵੀ ਜੋਸ਼ੀ ਨੇ ਜੰਗ ਸ਼ੇਰ ਸਿੰਘ ਦੀ ਅਗਾਊ ਜ਼ਮਾਨਤ ਦਾ ਅਦਾਲਤ ਵਿੱਚ ਵਿਰੋਧ ਕੀਤਾ ਹੈ। ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਜੰਗ ਸ਼ੇਰ ਇੱਕ ਡੀਐਸਪੀ ਦਾ ਪੁੱਤਰ ਹੈ, ਜੋ ਸਬੂਤਾਂ ਨੂੰ ਨਸ਼ਟ ਕਰ ਸਕਦਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਕਰਕੇ 7 ਸਤੰਬਰ ਤੱਕ ਆਪਣਾ ਜਵਾਬ ਦੇਣ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਬਰਨਾਲਾ ਦੀ ਅਦਾਲਤ ਨੇ ਜੰਗ ਸ਼ੇਰ ਸਿੰਘ ਸਮੇਤ ਬਾਕੀ ਮੁਜ਼ਲਮਾਂ ਦੀ ਇਸ ਮਾਮਲੇ ਵਿੱਚ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।