ਗੁਰਦਾਸਪੁਰ: ਬਟਾਲਾ ਦੀ ਪਟਾਕਾ 'ਚ ਫੈਕਟਰੀ ਧਮਾਕਾ ਹੋਣ ਮਗਰੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਵਲ ਵਿੱਚ ਹੋਈ ਤਿੱਖੀ ਬਹਿਸ ਤੋਂ ਬਾਅਦ ਉਨ੍ਹਾਂ 'ਤੇ ਐਫਆਈਆਰ ਦਰਜ ਹੋ ਗਈ ਸੀ। ਇਸ ਤੋਂ ਬਾਅਦ ਬੈਂਸ ਨੇ ਗੁਰਦਾਸਪੁਰ ਦੀ ਸੈਸ਼ਨ ਅਦਾਲਤ ਵਿੱਚ ਆਪਣੀ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ। ਅਦਾਲਤ ਨੇ ਵੀਰਵਾਰ ਨੂੰ ਸੁਣਵਾਈ ਕਰਦੇ ਹੋਏ ਜ਼ਮਾਨਤ ਅਰਜ਼ੀ ਦੀ ਤਾਰੀਖ਼ ਵਧਾ ਕੇ 16 ਸਤੰਬਰ ਕਰ ਦਿੱਤੀ ਹੈ। ਹੁਣ ਬੈਂਸ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 16 ਸਤੰਬਰ ਨੂੰ ਹੋਵੇਗੀ।
ਬੈਂਸ ਦੇ ਵਕੀਲ ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਿਮਰਜੀਤ ਸਿੰਘ ਬੈਂਸ 'ਤੇ ਦਰਜ ਹੋਏ ਮਾਮਲੇ ਬਾਰੇ ਵੀਰਵਾਰ ਨੂੰ ਗੁਰਦਾਸਪੁਰ ਸੈਸ਼ਨ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਸੀ। ਅਦਾਲਤ ਨੇ ਸੁਣਵਾਈ ਦੀ ਤਾਰੀਖ਼ ਵਧਾ ਕੇ 16 ਸਤੰਬਰ ਕਰ ਦਿੱਤੀ ਹੈ। ਹੁਣ 16 ਸਤੰਬਰ ਨੂੰ ਇਸ 'ਤੇ ਫ਼ੈਸਲਾ ਆਵੇਗਾ।
ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਦੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਬਹਿਸ ਹੋ ਗਈ, ਇਸ ਬਹਿਸ ਦਾ ਇੱਕ ਵੀਡਿਓ ਵਾਇਰਲ ਹੋ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਂਸ 'ਤੇ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਜ਼ਿਲ੍ਹੇ ਦੇ ਕਰਮਚਾਰੀ ਇਸ ਮਾਮਲੇ ਤੇ ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਸੂਬੇ ਭਰ ਦੇ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ ਵੀ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸੂਬੇ ਦੀ ਸਰਕਾਰ ਅਤੇ ਪ੍ਰਸਾਸ਼ਕ ਇੱਕ ਪਾਸੇ ਹੈ ਦੂਜੇ ਪਾਸ ਬੈਂਸ ਅਤੇ ਉਸ ਦੇ ਸਮਰਥਕ ਹਨ। ਜਿੱਥੇ ਤੱਕ ਇਸ ਕੇਸ ਦੀ ਗੱਲ ਕੀਤੀ ਜਾਵੇ ਤਾਂ ਇਹ ਲੱਗਭੱਗ ਤੈਅ ਹੀ ਹੈ ਕਿ ਪ੍ਰਸਾਸ਼ਨ ਅਤੇ ਸਰਕਾਰ ਬੈਂਸ ਦੇ ਖ਼ਿਲਾਫ਼ ਭੁਗਤਨਗੇ।