ਚੰਡੀਗੜ੍ਹ: ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਐਲਾਨੇ ਜਾਣ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਢੀਂਡਸਾ ਵੱਲੋਂ ਲਏ ਗਏ ਇਸ ਫ਼ੈਸਲੇ ਨਾਲ ਕਾਂਗਰਸ ਦਾ ਕੋਈ ਲੈਣਾ ਦੇਣਾ ਨਹੀਂ ਹੈ।
'ਕੈਪਟਨ ਨੂੰ ਸਵਾਲ' ਪ੍ਰੋਗਾਰਮ ਦੌਰਾਨ ਪੁੱਛੇ ਇੱਕ ਸਵਾਲ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਣਾਉਣ ਪਿਛੇ ਕੀ ਕਾਂਗਰਸ ਦਾ ਕੋਈ ਹੱਥ ਤਾਂ ਨਹੀਂ, ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਵਿੱਚ ਕੀ ਵਾਪਰਦਾ ਹੈ, ਇਸ ਨਾਲ ਸਾਡਾ ਕੋਈ ਸਬੰਧ ਨਹੀਂ ਹੈ।
ਅਜਿਹੀਆਂ ਘਟਨਾਵਾਂ ਅਕਾਲੀ ਦਲ 'ਚ ਆਮ
ਮੁੱਖ ਮੰਤਰੀ ਨੇ ਵਿਅੰਗ ਕਸਦਿਆਂ ਕਿਹਾ, ‘‘ਉਹ ਲੜਦੇ ਰਹੇ ਹਨ... ਇਤਿਹਾਸ ਦੱਸਦਾ ਹੈ ਕਿ ਉਹ ਵੰਡੇ ਜਾਂਦੇ ਰਹੇ ਹਨ। ਇਸ ਵਿੱਚ ਕੁਝ ਵੀ ਨਵਾਂ ਨਹੀਂ। ਇੱਕ ਸਮੇਂ ਸੱਤ ਅਕਾਲੀ ਦਲ ਸਨ। ਅਕਾਲੀ ਪਾਰਟੀ ਰਬਰਬੈਂਡ ਵਰਗੀ ਹੈ- ਜੋ ਪਸਰਦੀ ਤੇ ਸੁੰਗੜਦੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਘਟਨਾਵਾਂ ਇਸ ਪਾਰਟੀ ਦਾ ਆਮ ਵਰਤਾਰਾ ਹਨ।
ਕਿਸੇ ਵੀ ਪਾਰਟੀ ਨਾਲ ਜੁੜਨ ਦੀ ਆਜ਼ਾਦੀ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਜੇਕਰ ਢੀਂਡਸਾ ਸਾਰੀ ਉਮਰ ਅਕਾਲੀ ਦਲ ਦਾ ਹਿੱਸਾ ਰਹਿ ਕੇ ਉਨ੍ਹਾਂ ਨਾਲ ਨਹੀਂ ਰਹਿ ਸਕੇ, ਇਸ ਸਬੰਧੀ ਕੋਈ ਕੀ ਕਹਿ ਸਕਦਾ ਹੈ।" ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦੀ ਖ਼ੂਬਸੂਰਤੀ ਹੈ ਕਿ ਕੋਈ ਕਿਸੇ ਵੀ ਸਮੇਂ ਕਿਸੇ ਵੀ ਪਾਰਟੀ ਨਾਲ ਜੁੜ ਸਕਦਾ ਹੈ।
ਸਾਰੀਆਂ ਰਾਜਨੀਤਕ ਪਾਰਟੀਆਂ ਦਾ ਸਵਾਗਤ
ਇਹ ਆਖਦਿਆਂ ਕਿ ਉਹ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਸਵਾਗਤ ਕਰਦੇ ਹਨ ਜੋ ਸਿਆਸਤ ਦੀ ਗੱਡੀ ‘ਤੇ ਸਵਾਰ ਹੋਣਾ ਚਾਹੁੰਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਅਜਿਹੀ ਕਿਸੇ ਵੀ ਪਾਰਟੀ ਦੇ ਖ਼ਿਲਾਫ਼ ਹਨ ਜਿਸ ਦੀ ਮੁੱਖ ਮਨਸ਼ਾ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਾ ਹੈ।