ਚੰਡੀਗੜ੍ਹ: ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਇਹ ਗ੍ਰਿਫ਼ਤਾਰੀ ਤੜਕੇ 3 ਵਜੇ ਦੇ ਕਰੀਬ ਕੀਤੀ ਗਈ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਸਥਿਤ ਧਰਮਸੋਤ ਦੇ ਨਿਵਾਸ ਸਥਾਨ ਤੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜੋ: ਜੇਲ੍ਹਾਂ ਵਿੱਚੋਂ ਲਗਾਤਾਰ ਮਿਲ ਰਹੇ ਨੇ ਮੋਬਾਇਲ, ਹੁਣ ਫਰੀਦਕੋਟ ਦੀ ਜੇਲ੍ਹ ‘ਚੋਂ 8 ਫੋਨ ਬਰਾਮਦ
ਜੰਗਲਾਤ ਵਿਭਾਗ ਵਿੱਚ ਘੁਟਾਲੇ ਦੇ ਲੱਗੇ ਨੇ ਇਲਜ਼ਾਮ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ’ਤੇ ਜੰਗਤਾਲ ਵਿਭਾਗ ਵਿੱਚ ਘੁਟਾਲਾ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਇਲਜ਼ਾਮ ਲੱਗੇ ਹਨ ਕਿ ਸਾਬਕਾ ਮੰਤਰੀ ਧਰਮਸੋਤ ਨੇ ਦਰਖ਼ਤ ਵੱਢਣ ਤੋਂ ਲੈ ਕੇ ਬੂਟੇ ਲਗਾਉਣ ਤਕ ਹਰ ਪਾਸੇ ਤੋਂ ਕਮਿਸ਼ਨ ਲਈ ਸੀ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਸਾਧੂ ਸਿੰਘ ਧਰਮਸੋਤ ਮੰਤਰੀ ਸਨ।
ਪੰਜਾਬ ਵਿਜੀਲੈਂਸ ਬਿਊਰੋ ਚੀਫ ਦਾ ਬਿਆਨ: ਇਸ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਸੀਂ ਮਾਮਲਾ ਦਰਜ ਕੀਤਾ ਸੀ, ਜਿਸ ਵਿੱਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਜੰਗਲਾਤ ਵਿਭਾਗ ਵਿੱਚ ਸਾਧੂ ਸਿੰਘ ਧਰਮਸੋਤ ਕਮਿਸ਼ਨਲ ਲੈਂਦੇ ਸਨ। ਉਹਨਾਂ ਨੇ ਕਿਹਾ ਕਿ ਵਿਭਾਗ ਵਿੱਚ ਭਰਤੀਆਂ ਤੇ ਬਦਲੀਆਂ ਨੂੰ ਲੈ ਕੇ ਵੀ ਪੈਸੇ ਲਏ ਜਾਂਦੇ ਸਨ। ਚੀਫ ਡਾਇਰੈਕਟਰ ਨੇ ਦੱਸਿਆ ਇਸ ਸਾਰੇ ਕੰਮ ਲਈ ਸਾਬਕਾ ਮੰਤਰੀ ਨੇ ਬੰਦੇ ਰੱਖੇ ਹੋਏ ਸਨ।
ਕੋਰਟ ਵਿੱਚ ਪੇਸ਼ ਕਰ ਲਿਆ ਜਾਵੇਗਾ ਰਿਮਾਂਡ: ਇਸ ਮਾਮਲੇ ਵਿੱਚ 2 ਹੋਰ ਵਿਅਕਤੀਆਂ ਦੇ ਵੀ ਮਾਮਲਾ ਦਰਜ ਕੀਤਾ ਗਿਆ ਹੈ, ਜਿਹਨਾਂ ਨੂੰ ਗ੍ਰਿਫ਼ਤਾਰੀ ਕਰ ਲਿਆ ਗਿਆ ਹੈ। ਚੀਫ ਡਾਇਰੈਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਰਿਮਾਂਡ ਲੈਣ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ।
ਗਿਲਜੀਆਂ ਖ਼ਿਲਾਫ਼ ਵੀ FIR: ਇਸੇ ਮਾਮਲੇ ਵਿੱਚ ਹਿੱਸੇਦਾਰ ਹੋਣ ਕਾਰਨ ਕਾਂਗਰਸੀ ਆਗੂ ਸੰਗਤ ਸਿੰਘ ਗਿਲਜੀਆਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਤੇ ਗਿਲਜੀਆਂ ਦੋਵਾਂ ਦਾ ਨਾਂ ਇੱਕ ਹੀ ਪਰਚੇ ਵਿੱਚ ਦਰਜ ਹੈ।
ਸਕਾਲਰਸ਼ਿਪ ਘੁਟਾਲੇ ਦੇ ਵੀ ਲੱਗੇ ਸਨ ਇਲਜ਼ਾਮ: ਦੱਸ ਦਈਏ ਕਿ ਕਥਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਚ ਕਾਂਗਰਸ ਦੀ ਕੈਪਟਨ ਅਮਰਿੰਦਰ ਦੀ ਸਰਕਾਰ ਸਮੇਂ ਪੰਜਾਬ ਦੀ ਵਜ਼ੀਰੀ 'ਚ ਸ਼ਾਮਲ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਮ ਸਾਹਮਣੇ ਆਇਆ ਸੀ। ਉਨ੍ਹਾਂ 'ਤੇ ਸ਼ਕਾਲਰਸ਼ਿਪ ਦੇ 63.91 ਕਰੋੜ ਦੇ ਘੁਟਾਲੇ ਦੇ ਇਲਜ਼ਾਮ ਲੱਗੇ ਸਨ, ਪਰ ਪੰਜਾਬ ਸਰਕਾਰ ਵਲੋਂ ਤਿੰਨ ਮੈਂਬਰੀ ਕਮੇਟੀ ਬਣਾ ਕੇ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।
ਨਾਭਾ ਤੋਂ ਲੜਦੇ ਰਹੇ ਚੋਣ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਕਾਂਗਰਸ ਦੀ ਟਿਕਟ ਤੋਂ ਨਾਭਾ ਤੋਂ ਚੋਣ ਲੜਕੇ ਆ ਰਹੇ ਹਨ। ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇਂ ਉਹਨਾਂ ਨੇ ਬਹੁਤ ਨੇੜੇ ਸਨ ਤੇ ਜਦੋਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਤਾਂ ਸਾਧੂ ਸਿੰਘ ਧਰਮਸੋਤ ਨੂੰ ਵੀ ਕਾਂਗਰਸ ਨੇ ਮੰਤਰੀ ਦੀ ਕੁਰਸੀ ਤੋਂ ਲਾਹ ਦਿੱਤਾ ਸੀ।