ਚੰਡੀਗੜ੍ਹ: ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੁੱਧਵਾਰ ਨੂੰ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿੱਚ ਭਰਤੀ ਹੋਣ ਵਾਲੇ 35 ਨਵੇਂ ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਇਸ ਮੌਕੇ ਜੰਗਲਾਤ ਮੰਤਰੀ ਨੇ ਦੱਸਿਆ ਕਿ ਪੰਜਾਬ ਅਧੀਨ ਸੇਵਾਵਾਂ ਬੋਰਡ ਵੱਲੋਂ ਚੋਣ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ 35 ਨਵੇਂ ਕਲਰਕ ਮਿਲੇ ਹਨ, ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।
ਸਾਧੂ ਸਿੰਘ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਜਿੱਥੇ ਦਫ਼ਤਰੀ ਅਮਲੇ ਦੀ ਘਾਟ ਪੂਰੀ ਹੋਵੇਗੀ, ਉੱਥੇ ਹੀ ਵਿਭਾਗ ਦੀ ਕਾਰਜ ਕੁਸ਼ਲਤਾ ਵੀ ਵਧੇਗੀ। ਜੰਗਲਾਤ ਮੰਤਰੀ ਨੇ ਨਵੇਂ ਭਰਤੀ ਹੋਣ ਵਾਲੇ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨੌਜਵਾਨ ਲੜਕੇ/ਲੜਕੀਆਂ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਵੱਲੋਂ ਲਗਨ ਤੇ ਮਿਹਨਤ ਨਾਲ ਕੀਤੀ ਸੇਵਾ ਨਾਲ ਦੇਸ਼ ਹੋਰ ਅੱਗੇ ਵਧੇਗਾ।
ਸਾਧੂ ਸਿੰਘ ਨੇ ਆਸ ਪ੍ਰਗਟਾਉਂਦਿਆਂ ਕਿਹਾ ਕਿ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿੱਚ ਭਰਤੀ ਹੋਣ ਵਾਲੇ ਨਵੇਂ ਕਲਰਕ ਵਿਭਾਗ ਦੀ ਪ੍ਰਗਤੀ ਵਿੱਚ ਨਿੱਗਰ ਯੋਗਦਾਨ ਪਾਉਣਗੇ ਅਤੇ ਵਿਭਾਗ ਨੂੰ ਤਰੱਕੀ ਦੀਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ।