ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਪਹਿਲੀ ਵਾਰ ਦੇ ਆਜ਼ਾਦ ਬਣੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਅੱਜ ਹੀ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ ਅਤੇ ਅੱਜ ਹੀ ਸਦਨ ਦੀ ਕਾਰਵਾਈ 'ਚ ਰੁਕਾਵਟ ਪਾਉਣ ਦੇ ਦੋਸ਼ 'ਚ ਸਦਨ 'ਚੋ ਜਬਰੀ ਬਾਹਰ ਕੱਢ ਦਿੱਤੇ ਗਏ। ਰਾਣਾ ਇੰਦਰਪ੍ਰਤਾਪ ਸਾਬਕਾ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਹਨ।
ਅੱਜ ਸਦਨ ਵਿਚ ਜਦ ਮੁੱਖ ਮੰਤਰੀ ਭਗਵੰਤ ਮਾਨ ਬੋਲ ਰਹੇ ਸਨ ਤਾਂ ਰਾਣਾ ਇੰਦਰਪ੍ਰਤਾਪ ਸਿੰਘ ਆਪਣੀ ਸੀਟ ਤੋਂ ਖੜ੍ਹੇ ਹੋ ਗਏ ਅਤੇ ਬੋਲਣਾ ਸ਼ੁਰੂ ਕਰ ਦਿੱਤਾ। ਸਪੀਕਰ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਜਦ ਉਹ ਆਪਣੀ ਸੀਟ 'ਤੇ ਨਹੀਂ ਬੈਠੇ ਤਾਂ ਸਪੀਕਰ ਵੱਲੋਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਰਾਣਾ ਇੰਦਰ ਪ੍ਰਤਾਪ ਨਹੀਂ ਮੰਨੇ ਤਾਂ ਉਨ੍ਹਾਂ ਨੂੰ ਸਦਨ ਵਿੱਚੋਂ ਜਬਰੀ ਬਾਹਰ ਕੱਢ ਦਿੱਤਾ ਜਾਵੇਗਾ।
ਇਸ ਗੱਲ ਦਾ ਵੀ ਨਵੇਂ ਬਣੇ ਵਿਧਾਇਕ 'ਤੇ ਕੋਈ ਅਸਰ ਨਹੀਂ ਹੋਇਆ ਤਾਂ ਸਪੀਕਰ ਦੀਆਂ ਹਦਾਇਤਾਂ 'ਤੇ ਆਜ਼ਾਦ ਵਿਧਾਇਕ ਨੂੰ ਮਾਰਸ਼ਲਾਂ ਵੱਲੋਂ ਫੜ ਕੇ ਬਾਹਰ ਕਰ ਦਿੱਤਾ ਗਿਆ। ਆਜ਼ਾਦ ਵਿਧਾਇਕ ਆਪਣੇ ਹਲਕੇ ਸੁਲਤਾਨਪੁਰ ਲੋਧੀ ਨਾਲ ਸਬੰਧਤ ਕੋਈ ਮੁੱਦਾ ਚੁੱਕਣਾ ਚਾਹੁੰਦੇ ਸਨ, ਪਰ ਸਪੀਕਰ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਕਿ ਇਹ ਵਿਸ਼ੇਸ਼ ਸੈਸ਼ਨ ਹੈ, ਜਿਸ ਵਿੱਚ ਸਿਰਫ਼ ਸਰਕਾਰੀ ਮੁੱਦੇ 'ਤੇ ਹੀ ਬਹਿਸ ਅਤੇ ਵਿਚਾਰ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੂੰ ਸਪੀਕਰ ਵੱਲੋਂ ਆਜ਼ਾਦ ਵਿਧਾਇਕ ਵਜੋਂ ਕੁਝ ਪਲਾਂ ਲਈ ਪੇਸ਼ ਸਰਕਾਰੀ ਮਤੇ 'ਤੇ ਬੋਲਣ ਲਈ ਸਮਾਂ ਦਿੱਤਾ ਗਿਆ, ਪਰ ਘੱਟ ਸਮੇਂ ਨਾਲ ਆਜ਼ਾਦ ਵਿਧਾਇਕ ਦੀ ਸੰਤੁਸ਼ਟੀ ਨਹੀਂ ਹੋਈ ਅਤੇ ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖੀ। ਉਦੋਂ ਵੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਵਾਰ -ਵਾਰ ਰੋਕਿਆ।
ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਜਦੋਂ ਆਜ਼ਾਦ ਵਿਧਾਇਕ ਵਿੱਚੋਂ ਉੱਠ ਖੜ੍ਹੇ ਹੋਏ ਤਾਂ ਭਗਵੰਤ ਮਾਨ ਨੇ ਉਨ੍ਹਾਂ ਦੇ ਪਿਤਾ ਰਾਣਾ ਗੁਰਜੀਤ ਸਿੰਘ ਨੂੰ ਕਿਹਾ ਕਿ ਆਪਣੇ ਪੁੱਤਰ ਨੂੰ ਸਮਝਾਓ। ਖਾਸ ਗੱਲ ਇਹ ਰਹੀ ਕਿ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਇਕੱਲੇ ਹੀ ਸਨ, ਜੋ ਆਪਣੀ ਗੱਲ ਕਹਿ ਰਹੇ ਸਨ। ਜਦਕਿ ਉਨ੍ਹਾਂ ਦੇ ਵਿਰੋਧ ਕਰਨ ਵਾਲੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਤਿੰਨ ਦਰਜ਼ਨ ਤੋਂ ਵੱਧ ਵਿਧਾਇਕ ਵਿਰੋਧ ਵਜੋਂ ਖੜੇ ਹੋਏ ਸਨ। 'ਆਪ ' ਦੇ ਵਿਧਾਇਕ ਆਜ਼ਾਦ ਵਿਧਾਇਕ ਵਿਰੁੱਧ ਤਲਖ਼ ਟਿੱਪਣੀਆਂ ਕਰ ਰਹੇ ਸਨ।
ਇਹ ਵੀ ਪੜ੍ਹੋ: ਚੰਡੀਗੜ ’ਚ ਕੇਂਦਰੀ ਨਿਯਮ ਲਾਗੂ ਕਰਨ ਖਿਲਾਫ ਮਤਾ ਪਾਸ, ਜਾਣੋਂ ਹੋਰ ਕੀ ਕੁਝ ਰਿਹਾ ਖ਼ਾਸ