ਚੰਡੀਗੜ੍ਹ: ਪੰਜਾਬ 'ਚ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀਆਂ ਚੋਣ ਦਾ ਬਿਗੁਲ ਵੱਜ ਚੁੱਕਿਆ। ਅਜਿਹੇ ਵਿੱਚ ਸਿਆਸੀ ਸਰਗਰਮੀਆਂ ਵੀ ਵੱਧ ਗਈਆਂ ਹਨ।ਸਾਰੀਆਂ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਹੀ ਕਮਰਕੱਸੇ ਕੱਸ ਲਏ ਅਤੇ ਜੋੜ-ਤੋੜ ਦੀ ਸਿਆਸਤ ਸਿਖਰਾਂ 'ਤੇ ਹੈ। ਕੋਈ ਨਾ ਕੋਈ ਆਗੂ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾ ਰਿਹੈ ਅਤੇ ਦੂਜੀ ਪਾਰਟੀਆਂ ਦੇ ਲੋਕ ਪਹਿਲੀ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਪਠਾਨਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਅਸ਼ੋਕ ਸ਼ਰਮਾ ਜੋ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ।
ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਹਾਲੀ ਦੇ ਮੇਅਰ ਰਹੇ ਕੁਲਵੰਤ ਸਿੰਘ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ ਅਤੇ ਉਸ ਤੋਂ ਬਾਅਦ ਕਈ ਅਕਾਲੀ ਦਲ ਦੇ ਮੋਹਾਲੀ ਦੇ ਲੀਡਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਫਿਲਹਾਲ ਇਹ ਸ਼ੁਰੂਆਤ ਹੈ ਪਰ ਇਹ ਕੋਈ ਨਵੀਂ ਗੱਲ ਨਹੀਂ ਹੈ, ਜਦੋਂ ਵੀ ਚੋਣਾਂ ਆਉਂਦੀਆਂ ਹਨ ਉਦੋਂ ਹੀ ਜੋੜ-ਤੋੜ ਦੀ ਰਾਜਨੀਤੀ ਸਿਖ਼ਰਾਂ ਤੇ ਪੁੱਜ ਜਾਂਦੀ ਹੈ। ਫਿਰ ਪਾਰਟੀ ਛੱਡਣ ਵਾਲੇ ਪਹਿਲਾਂ ਜਿਸ ਪਾਰਟੀ ਵਿੱਚ ਹੁੰਦੇ ਹਨ ਉਸ ਦੀਆਂ ਬੁਰਾਈਆਂ ਵੀ ਕਰਦੇ ਹਨ ਅਤੇ ਉਸ ਦੀਆਂ ਰਣਨੀਤੀਆਂ ਜਿਸ ਉਪਰ ਪਹਿਲਾਂ ਵੋਟਾਂ ਮੰਗਦੇ ਰਹੇ ਹਨ, ਉਸ ਪਾਰਟੀ ਦੀਆਂ ਬੁਰਾਈਆਂ ਵੀ ਕਰਦੇ ਹਨ।
ਦਲ ਬਦਲੂਆਂ ਦਾ ਇਤਿਹਾਸ
ਪੰਜਾਬ ਵਿਧਾਨ ਸਭਾ ਦੀਆਂ 2017 ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੇ ਸੁਖਪਾਲ ਸਿੰਘ ਖਹਿਰਾ, ਬਲਦੇਵ ਸਿੰਘ, ਨਾਜਰ ਸਿੰਘ ਮਾਨਸ਼ਾਹੀਆ ਅਤੇ ਅਮਰਜੀਤ ਸੰਦੋਆ ਵੀ ਤਾਜ਼ਾ ਉਦਾਹਰਣ ਹਨ। ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਏਕਤਾ ਪਾਰਟੀ ਦੇ ਨਾਂਅ ਤੋਂ ਨਵੀਂ ਪਾਰਟੀ 2019 ਲੋਕ ਸਭਾ ਚੋਣ ਵੇਲੇ ਬਣਾ ਦਿੱਤੀ ਗਈ ਸੀ। ਇਸ ਵਿੱਚ ਬਲਦੇਵ ਸਿੰਘ ਵੀ ਸ਼ਾਮਲ ਹੋ ਗਏ ਸਨ ਅਤੇ ਨਾਜਰ ਸਿੰਘ ਮਾਨਸ਼ਾਹੀਆ, ਅਮਰਜੀਤ ਸੰਦੋਆ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪਰ ਅਜੇ ਤੱਕ ਚਾਰੇ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਅਤੇ ਇਹ ਮਾਮਲਾ ਫਿਲਹਾਲ ਵਿਧਾਨ ਸਭਾ ਦੇ ਵਿਚਾਰਅਧੀਨ ਹੈ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਦਿੱਤਾ ਅਸਤੀਫ਼ਾ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਦੀ ਕੈਬਿਨੇਟ ਦੀ ਕੁਰਸੀ ਵੀ ਬਿਨਾਂ ਵਜ੍ਹਾ ਨਹੀਂ ਛੱਡੀ। ਬਲਕਿ ਚਰਚਾ ਹੈ ਕਿ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ। ਕਿਉਂਕਿ ਉਨ੍ਹਾਂ ਦਾ ਅਸਤੀਫ਼ਾ ਕਿਸਾਨਾਂ ਦੇ ਹੱਕ ਵਿੱਚ ਇਹ ਮੈਸੇਜ ਦੇਣ ਵਾਸਤੇ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਬਲੀਦਾਨ ਦਿੱਤਾ ਗਿਆ ਅਤੇ ਕੇਂਦਰ ਵਿੱਚ ਮੰਤਰੀ ਅਹੁਦੇ ਨੂੰ ਕਿਸਾਨਾਂ ਲਈ ਛੱਡ ਦਿੱਤਾ।