ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਸੀਐਮ ਰਿਹਾਇਤ ਅੰਦਰ ਦਿੱਤੇ ਧਰਨੇ ਤੋਂ ਬਾਅਦ ਹੁਣ ਇਸ ਮਸਲੇ ਨੂੰ ਲੈਕੇ ਸਿਆਸਤ ਭਖਦੀ ਜਾ ਰਹੀ ਹੈ। ਇਸ ਮਸਲੇ ਨੂੰ ਲੈਕੇ ਕਾਂਗਰਸ ਅਤੇ ਆਪ ਹੁਣ ਆਹਮੋ ਸਾਹਮਣੇ ਹੁੰਦੇ ਵਿਖਾਈ ਦੇ ਰਹੇ ਹਨ। ਸੀਐਮ ਭਗਵੰਤ ਮਾਨ ਦੇ ਕਾਂਗਰਸੀਆਂ ਦੇ ਧਰਨੇ ’ਤੇ ਦਿੱਤੇ ਬਿਆਨ ਤੋਂ ਬਾਅਦ ਹੁਣ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਕਾਂਗਰਸ ਦੇ ਧਰਨੇ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਇਸ ਦੌਰਾਨ ਹਰਪਾਲ ਚੀਮਾ ਨੇ ਜੰਮਕੇ ਕਾਂਗਰਸ ਖਿਲਾਫ਼ ਭੜਾਸ ਕੱਢੀ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਜੋ ਉਸ ਵੇਲੇ ਮੰਤਰੀ ਸਨ ਤਾਂ ਉਹ ਆਪਣੇ ਮੁੱਖ ਮੰਤਰੀ ਨੂੰ ਮਿਲਣ ਦੇ ਲਈ ਭਟਕਦੇ ਰਹੇ ਅਤੇ ਪੰਜ ਸਾਲ ਉਨ੍ਹਾਂ ਨੂੰ ਆਪਣਾ ਮੁੱਖ ਮੰਤਰੀ ਨਹੀਂ ਮਿਲਿਆ। ਉਨ੍ਹਾਂ ਕਾਂਗਰਸ ’ਤੇ ਤੰਜ਼ ਕਸਦਿਆਂ ਕਿਹਾ ਕਿ ਅੱਜ ਕਾਂਗਰਸੀ ਲੀਡਰ ਬਿਨਾਂ ਕਿਸੇ ਦੇ ਇਜਾਜ਼ਤ ਲਏ ਸੀਐਮ ਭਗਵੰਤ ਮਾਨ ਦੀ ਰਿਹਾਇਸ਼ ਉੱਪਰ ਮੁਲਾਕਾਤ ਲਈ ਪਹੁੰਚ ਗਏ।
ਵਿੱਤ ਮੰਤਰੀ ਨੇ ਕਿਹਾ ਕਿ ਸੀਐਮ ਮਾਨ ਨੇ ਉਨ੍ਹਾਂ ਨੂੰ ਬੁਲਾ ਕੇ ਨਿਮਰਤਾ ਨਾਲ ਉਨ੍ਹਾਂ ਦੀ ਗੱਲ ਸੁਣੀ ਅਤੇ ਮੁਲਾਕਾਤ ਤੋਂ ਬਾਅਦ ਉਹ ਉੱਥੇ ਹੀ ਧਰਨਾ ਲਗਾ ਬੈਠ ਗਏ। ਹਰਪਾਲ ਚੀਮਾ ਨੇ ਕਾਂਗਰਸ ਦੇ ਧਰਨੇ ਉੱਪਰ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਵਲੋਂ ਇਸ ਲਈ ਧਰਨਾ ਲਗਾਇਆ ਗਿਆ ਸੀ ਕਿਉਂਕਿ ਉਨ੍ਹਾਂ ਦੀ ਸਰਕਾਰ ਸਮੇਂ ਦਾ ਮੰਤਰੀ ਧਰਮਸੋਤ ਜੇਲ੍ਹ ਵਿੱਚ ਹੈ ਅਤੇ ਇਹ ਕਾਂਗਰਸੀ ਉਸਨੂੰ ਬਚਾਉਣ ਦੇ ਲਈ ਉਨ੍ਹਾਂ ਵੱਲੋਂ ਸੀਐਮ ਦੀ ਰਿਹਾਇਸ਼ ਅੱਗੇ ਧਰਨਾ ਲਗਾਇਆ ਗਿਆ ਹੈ।
ਉਨ੍ਹਾਂ ਕਾਂਗਰਸ ਤੇ ਭੜਕਦਿਆਂ ਕਿਹਾ ਕਿ ਕਾਂਗਰਸੀਆਂ ਦੇ ਰਗ-ਰਗ ਵਿੱਚ ਭ੍ਰਿਸ਼ਟਾਚਾਰ ਭਰਿਆ ਹੋਇਆ ਹੈ ਅਤੇ ਜਿਸਦੇ ਚੱਲਦੇ ਹੀ ਉਹ ਧਰਮਸੋਤ ਨੂੰ ਬਚਾਉਣ ਦੇ ਲਈ ਉੱਥੇ ਧਰਨਾ ਲਗਾ ਕੇ ਬੈਠੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਜੋ ਹੋਰ ਭ੍ਰਿਸ਼ਟਾਚਾਰੀ ਕਾਂਗਰਸ ਵਿੱਚ ਮੌਜੂਦ ਸਨ ਉਹ ਹੋਰ ਪਾਰਟੀਆਂ ਵਿੱਚ ਚਲੇ ਗਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੇ ਭ੍ਰਿਸ਼ਟਾਚਾਰੀਆਂ ਸਬੰਧੀ ਕੋਈ ਰਿਪੋਰਟ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਸੀਐੱਮ ਰਿਹਾਇਸ਼ ਬਾਹਰ ਧਰਨਾ ਦੇ ਰਹੇ ਕਾਂਗਰਸੀਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ