ਚੰਡੀਗੜ੍ਹ: ਪੂਰੇ ਉੱਤਰ ਭਾਰਤ ਵਿੱਚ ਚੱਲ ਰਹੀ ਸ਼ੀਤ ਲਹਿਰ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਹੱਡ ਠਾਰਦੀ ਠੰਡ ਵਿੱਚ ਵੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਆਪਣੀ ਆਵਾਜ਼ ਬੁਲੰਦ ਰੱਖੀ ਹੈ। ਇਸ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਯਾਦ ਕੀਤਾ ਗਿਆ।
ਕਿਸਾਨ ਜੱਥੇਬੰਦੀਆਂ ਨੇ ਪਹਿਲਾਂ ਐਲਾਨੇ ਐਤਵਾਰ ਦੀ ਦੇਸ਼ ਵਿਆਪੀ ਸ਼ਰਧਾਂਜਲੀ ਸਭਾ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਕਿਸਾਨ ਆਗੂ ਮੰਨਦੇ ਹਨ ਕਿ ਤਕਰੀਬਨ 30 ਕਿਸਾਨਾਂ ਨੇ ਖੇਤੀ ਬਚਾਉਣ ਲਈ ਆਪਣੀ ਜਾਨ ਦਿੱਤੀ ਹੈ। ਉਨ੍ਹਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਭਾਵਾਂ ਰਾਹੀਂ ਦੇਸ਼ ਦਾ ਹਰ ਪਿੰਡ ਕਿਸਾਨ ਅੰਦੋਲਨ ਨਾਲ ਜੁੜੇਗਾ।
ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਦੱਸਿਆ ਕਿ ਐਤਵਾਰ ਨੂੰ ਦੇਸ਼ ਦੇ ਸਾਰੇ ਜ਼ਿਲ੍ਹਿਆਂ, ਤਹਿਸੀਲਾਂ ਅਤੇ ਪਿੰਡਾਂ ਵਿੱਚ ਸ਼ਰਧਾਂਜਲੀ ਸਭਾਵਾਂ ਕੀਤੀਆਂ ਜਾਣਗੀਆਂ। ਇਸ ਵਿੱਚ, ਅੰਦੋਲਨ ਦੌਰਾਨ ਆਪਣੀ ਜਾਨ ਗਵਾਉਣ ਵਾਲਿਆਂ ਨੂੰ ਯਾਦ ਕੀਤਾ ਜਾਵੇਗਾ। ਜਦੋਂਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਓਮਕਾਰ ਸਿੰਘ ਨੇ ਕਿਹਾ ਕਿ ਇਸ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੀ ਯਾਦ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ਰਧਾਂਜਲੀ ਸਭਾਵਾਂ ਹੋਣਗੀਆਂ। ਸੰਯੁਕਤ ਕਿਸਾਨ ਮੋਰਚਾ ਨੇ ਐਤਵਾਰ ਦੇ ਪ੍ਰੋਗਰਾਮ ਦਾ ਇੱਕ ਪੋਸਟਰ ਵੀ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਕਿਸਾਨਾਂ ਦੀਆਂ ਤਸਵੀਰਾਂ ਹਨ ਜਿਨ੍ਹਾਂ ਨੇ ਅੰਦੋਲਨ ਵਿੱਚ ਆਪਣੀ ਜਾਨ ਗੁਆਈ।
ਦੂਜੇ ਪਾਸੇ, ਸਿੰਘੂ, ਟੀਕਰੀ ਅਤੇ ਗਾਜੀਪੁਰ ਸਰਹੱਦਾਂ 'ਤੇ ਧਰਨੇ ਵਾਲੀਆਂ ਥਾਵਾਂ 'ਤੇ ਬੈਠਕਾਂ ਹੋਣਗੀਆਂ। ਮੁੱਖ ਸਮਾਗਮ ਸਿੰਘੂ ਸਰਹੱਦ 'ਤੇ ਹੋਵੇਗਾ। ਕਿਸਾਨ ਜੱਥੇਬੰਦੀਆਂ ਦੇ ਆਗੂ ਮੌਜੂਦ ਰਹਿਣਗੇ। ਕਿਸਾਨ ਜਾਨ ਦੇਣ ਵਾਲੇ ਆਪਣੇ ਭਰਾਵਾਂ ਨੂੰ ਸ਼ਰਧਾਂਜਲੀ ਦੇਣਗੇ ਅਤੇ ਸਰਕਾਰ ਦੇ ਰਵੱਈਏ ਬਾਰੇ ਵਿਚਾਰ ਵਟਾਂਦਰੇ ਕਰਨਗੇ। ਸ਼ਰਧਾਂਜਲੀ ਸਭਾ ਦੀ ਸਮਾਪਤੀ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਦੀ ਸਿੰਘੂ ਸਰਹੱਦ 'ਤੇ ਦੁਪਹਿਰ 2 ਵਜੇ ਮੀਟਿੰਗ ਹੋਵੇਗੀ।
ਇਸ ਬੈਠਕ 'ਚ ਅੰਦੋਲਨ ਦੇ ਅੱਗੇ ਦੀ ਰਣਨੀਤੀ 'ਤੇ ਵਿਚਾਰ ਵਟਾਂਦਰੇ ਹੋਣਗੇ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਸਰਕਾਰ ਅੰਦੋਲਨ ਨੂੰ ਹਰ ਤਰੀਕੇ ਨਾਲ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹਰ ਦਿਨ ਲਹਿਰ ਵੱਡੀ ਹੁੰਦੀ ਜਾ ਰਹੀ ਹੈ। ਐਤਵਾਰ ਦੀ ਦੇਸ਼ ਵਿਆਪੀ ਮੁਹਿੰਮ ਸਰਕਾਰ ਨੂੰ ਦੱਸੇਗੀ ਕਿ ਕਿਸ ਪੱਧਰ 'ਤੇ ਕਿਸਾਨੀ ਅੰਦੋਲਨ ਜ਼ਮੀਨ ਨਾਲ ਜੁੜਿਆ ਹੋਇਆ ਹੈ।