ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ ਬੂਟਾ ਸਿੰਘ ਬੁਰਜ ਗਿੱਲ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ, ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸਮੁੱਚੇ ਪੰਜਾਬ ਵਿੱਚੋਂ 16 ਜ਼ਿਲ੍ਹਿਆਂ ਦੇ ਪ੍ਰਧਾਨ/ਸਕੱਤਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਪੰਜਾਬ ਦੀ ਖੇਤੀ ਤੇ ਕਿਸਾਨੀ ਨਾਲ ਸਬੰਧਿਤ ਅਹਿਮ ਮੁੱਦਿਆਂ 'ਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੀਨੀਅਰ ਆਗੂ ਮਨਜੀਤ ਧਨੇਰ, ਗੁਰਦੀਪ ਰਾਮਪੁਰਾ ਅਤੇ ਗੁਰਮੀਤ ਭੱਟੀਵਾਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਫਾਸ਼ੀ ਹਕੂਮਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਵਿੱਚ ਪੰਜਾਬ ਦੇ ਕਿਸਾਨਾਂ ਨੂੰ 'ਫਸਲਾਂ ਪੈਦਾ ਕਰਨ ਵਾਲੇ-ਖਾਣ ਵਾਲੇ ਨਹੀਂ' ਗਰਦਾਨਣ ਦਾ ਗੰਭੀਰ ਨੋਟਿਸ ਲੈਂਦਿਆਂ ਢੁੱਕਵੇਂ ਸਮੇਂ 'ਤੇ ਜਥੇਬੰਦਕ ਤਾਕਤ ਨਾਲ ਕਰਾਰਾ ਜਵਾਬ ਦੇਣ ਦਾ ਫੈਸਲਾ ਲਿਆ ਹੈ।
ਮੀਟਿੰਗ ਵਿੱਚ ਇਸ ਵਾਰ ਪਈ ਅਗੇਤੀ ਗਰਮੀ ਕਾਰਨ ਕਣਕ ਦੇ ਘਟੇ ਝਾੜ ਨੂੰ ਕੁਦਰਤੀ ਆਫਤ ਮੰਨਕੇ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਦੀ 30 ਅਪ੍ਰੈਲ ਨੂੰ ਹੋਣ ਵਾਲੀ 16 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਨਾਲ ਸਬੰਧਿਤ ਪੰਜਾਬ ਪੱਧਰੀਆਂ ਮੰਗਾਂ ਲਈ ਸੰਘਰਸ਼ ਪ੍ਰੋਗਰਾਮ ਉਲੀਕਿਆ ਜਾਵੇਗਾ। ਰੇਲਾਂ ਰੋਕਣ ਜਾਂ ਚੰਡੀਗੜ੍ਹ ਮੁਜਾਹਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਨੂੰ ਅੰਤਿਮ ਰੂਪ ਸੰਯੁਕਤ ਕਿਸਾਨ ਮੋਰਚੇ ਦੀਆਂ 16 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਦਿੱਤਾ ਜਾਵੇਗਾ।
ਬੀ.ਕੇ.ਯੂ ਏਕਤਾ ਡਕੌਂਦਾ ਵੱਲੋਂ ਬਿਜਲੀ ਸਪਲਾਈ ਦੀ ਹਾਲਤ ਸਬੰਧੀ ਗੰਭੀਰ ਚਿੰਤਾ ਪਰਗਟ ਕੀਤੀ ਗਈ। ਇੱਕ ਪਾਸੇ ਨਰਮੇ, ਕਪਾਹ, ਮੂੰਗੀ ਆਦਿ ਫਸਲਾਂ ਦੀ ਬਿਜਾਈ ਦਾ ਵੇਲਾ ਹੈ, ਦੂਜੇ ਪਾਸੇ ਗਰਮੀ ਕਾਰਨ ਹਰਾ ਚਾਰਾ ਸੁੱਕ ਰਿਹਾ ਹੈ। ਪਰ 24 ਘੰਟੇ ਮੁਫ਼ਤ ਬਿਜਲੀ ਦੇ ਨਾਹਰੇ ਦੇ ਨਾਂ ਤੇ ਪੰਜਾਬ ਦੀ ਹਕੂਮਤੀ ਗੱਦੀ ਉੱਪਰ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਜਿਸ਼ੀ ਮੌਨ ਧਾਰਿਆ ਹੋਇਆ ਹੈ। ਇਸ ਲਈ ਫੈਸਲਾ ਕੀਤਾ ਗਿਆ ਕਿ 2 ਮਈ ਨੂੰ ਸਮੁੱਚੇ ਪੰਜਾਬ ਦੇ ਐਕਸੀਅਨ ਦਫਤਰਾਂ ਅੱਗੇ 11 ਵਜੇ ਤੋਂ 2 ਵਜੇ ਤੱਕ ਘਿਰਾਓ ਕੀਤੇ ਜਾਣਗੇ। ਆਉਣ ਵਾਲੇ ਸਮੇਂ ਵਿੱਚ ਦਿੱਤੇ ਜਾਣ ਵਾਲੇ ਸੰਘਰਸ਼ ਸੱਦੇ ਨੂੰ ਪੂਰੀ ਤਨਦੇਹੀ ਨਾਲ ਆਗੂ ਟੀਮਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ।
ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਆਗੂਆਂ ਬਲਵੰਤ ਸਿੰਘ ਉੱਪਲੀ,ਰਾਮ ਸਿੰਘ ਮਟੋਰੜਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਦਰਸ਼ਨ ਸਿੰਘ ਉੱਗੋਕੇ,ਗੁਰਦੇਵ ਸਿੰਘ ਮਾਂਗੇਵਾਲ,ਬਲਦੇਵ ਸਿੰਘ ਭਾਈਰੂਪਾ,ਮਹਿੰਦਰ ਸਿੰਘ ਕਮਾਲਪੁਰਾ, ਪਰਮਿੰਦਰ ਸਿੰਘ ਮੁਕਤਸਰ, ਹਰਨੇਕ ਸਿੰਘ ਮਹਿਮਾ, ਮਹਿੰਦਰ ਸਿੰਘ ਭੈਣੀਬਾਘਾ, ਬੂਟਾ ਖਾਨ, ਧਰਮਿੰਦਰ ਸਿੰਘ ਕਪੂਰਥਲਾ , ਗੁਰਵਿੰਦਰ ਸਿੰਘ ਗੁਰਦਾਸਪੁਰ, ਪਰਮਿੰਦਰ ਸਿੰਘ, ਮਾ. ਨਿਰਪਾਲ ਸਿੰਘ ਤਰਨਤਾਰਨ, ਜਗਜੀਤ ਸਿੰਘ ਮੁਹਾਲੀ, ਜਗਮੇਲ ਸਿੰਘ ਪਟਿਆਲਾ, ਸੁਖਚੈਨ ਸਿੰਘ ਰਾਜੂ ਨੇ ਦੱਸਿਆ ਜਥੇਬੰਦੀ ਵਲੋਂ ਸੂਬੇ ਅੰਦਰ ਜਥੇਬੰਦਕ ਅਦਾਰਿਆਂ ਦੀ ਮਜਬੂਤੀ ਲਈ ਮਈ ਮਹੀਨੇ ਵਿੱਚ ਰਹਿੰਦੇ ਅਤੇ ਨਵੇਂ ਬਲਾਕਾਂ ਦੀਆਂ ਜਥੇਬੰਦਕ ਚੋਣਾਂ ਕਰਵਾਈਆਂ ਜਾਣਗੀਆਂ।
ਇਸ ਦੇ ਨਾਲ ਹੀ ਇਸ ਮੀਟਿੰਗ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਇੱਕਜੁੱਟ ਰੱਖਣ ਲਈ ਵਚਨਬੱਧਤਾ ਦੁਹਰਾਈ। ਇਸ ਵਡੇਰੇ ਕਿਸਾਨ ਹਿੱਤਾਂ ਨੂੰ ਮੁੱਖ ਰੱਖਦਿਆਂ ਕੀਤੇ ਜਾ ਰਹੇ ਯਤਨਾਂ ਤੇ ਤਸੱਲੀ ਪ੍ਰਗਟ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਦੀਪ ਸਿੰਘ ਗਾਲਿਬ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਹੋਈ ਬੇਵਕਤੀ ਮੌਤ ਨੂੰ ਪਰੀਵਾਰ ਅਤੇ ਜਥੇਬੰਦੀ ਲਈ ਵੱਡਾ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਮੰਨਦਿਆਂ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਹ ਵੀ ਪੜ੍ਹੋ: ਪੰਚਾਇਤ ਮੰਤਰੀ ਦੀ ਵੱਡੀ ਰੇਡ, 29 ਏਕੜ ਸਰਕਾਰੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ