ਚੰਡੀਗੜ੍ਹ: ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਰੋਕੀ ਗਈ ਰੇਲ ਆਵਾਜ਼ਾਈ ਕਾਰਨ ਕਈ ਤਰ੍ਹਾਂ ਦੇ ਸਕੰਟ ਪੈਦਾ ਹੋ ਰਹੇ ਹਨ। ਇਸੇ ਵਿੱਚ ਯੂਰੀਆ ਦਾ ਸਕੰਟ ਮੁੱਖ ਹੈ, ਜਿਸ ਕਾਰਨ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਚੁੱਕਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਇੱਕ ਟਵੀਟ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ।
ਅਮਨ ਅਰੋੜਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਇਹ ਟਵੀਟ ਕਿਸਾਨਾਂ ਦੀ ਪ੍ਰੇਸ਼ਾਨੀਆਂ ਨੂੰ ਵੇਖਦੇ ਹੋਏ ਕੀਤਾ ਹੈ। ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਯੂਰੀਆ ਦੀ ਕਾਲਾਬਾਜ਼ੀ ਰੋਕ ਕੇ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਬੰਦ ਕਰਵਾਉਣ।
ਅਮਨ ਅਰੋੜਾ ਨੇ ਕਿਹਾ ਹਰਿਆਣਾ ਤੋਂ ਕਿਸਾਨਾਂ ਨੂੰ ਮੰਹਿਗੇ ਭਾਅ ਦਾ ਯੂਰੀਆਂ ਖਰੀਦਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰੇਲ ਆਵਾਜ਼ਾਈ ਬੰਦ ਹੋਣ ਦਾ ਬਹਾਨਾ ਲਾ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ ਹੈ। ਅਰੋੜਾ ਨੇ ਕਿਹਾ ਕਿ ਪੰਜਾਬ 'ਚ ਐਨਐਫਐਲ ਦੇ ਦੋ ਪਲਾਂਟ ਹਨ ਅਤੇ ਇਨ੍ਹਾਂ ਪਲਾਂਟਾਂ ਤੋਂ ਯੁਰੀਆ ਸੂਬੇ ਵਿੱਚ ਸਪਲਾਈ ਕਰਨ ਲਈ ਸੜਕੀ ਆਵਾਜ਼ਾਈ ਰਾਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਦੋਵੇਂ ਪਲਾਂਟਾਂ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਬੰਦ ਕਰਵਾਉਣ ਲਈ ਸਖ਼ਤ ਹੁਕਮ ਦਿੱਤੇ ਜਾਣ।
ਇਸੇ ਨਾਲ ਹੀ ਅਮਨ ਅਰੋੜਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੇ ਪੰਜਾਬ ਦੌਰੇ ਦੇ ਰੱਦ ਹੋਣ ਨੂੰ ਲੈ ਕੈ ਵੀ ਭਾਜਪਾ 'ਤੇ ਚੁੱਟਕੀ ਲਈ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਬਿਨ੍ਹਾਂ ਵਜ੍ਹਾ ਤੋਂ ਤੇਜ਼ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਦੇ ਦਬਾਅ ਦੇ ਕਾਰਨ ਹੀ ਨੱਢਾ ਨੂੰ ਆਪਣਾ ਪ੍ਰੋਗਰਾਮ ਮੁ਼ਲਤਵੀ ਕਰਨਾ ਪਿਆ।