ਚੰਡੀਗੜ੍ਹ: ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਚਾਰੋਂ ਹਲਕਿਆਂ 'ਚ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਜ਼ਿਮਨੀ ਚੋਣਾਂ ਨੂੰ ਨਿਰਪੱਖ ਬਣਾਉਣ ਲਈ ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਸੁਰੱਖਿਆ ਦੇ ਕੜੇ ਇੰਤੇਜ਼ਾਮ ਕੀਤੇ ਜਾ ਰਹੇ ਹਨ। ਸੂਬੇ ਦੇ ਚਾਰੋਂ ਹਲਕਿਆਂ 'ਚ ਪੰਜਾਬ ਪੁਲਿਸ ਤੋਂ ਇਲਾਵਾ ਪੈਰਾ-ਮਿਲਟਰੀ ਫੋਰਸ ਦੀਆਂ ਕੰਪਨੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਦੌਰਾਨ ਵੱਖ ਵੱਖ ਪਾਰਟੀਆਂ ਵੱਲੋਂ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੂੰ ਅਧਿਕਾਰੀਆਂ ਵਿਰੁੱਧ ਸ਼ਿਕਾਇਤਾਂ ਕੀਤੀਆਂ ਗਈਆਂ ਸੀ।
ਲੋਕ ਇਨਸਾਫ਼ ਪਾਰਟੀ ਵੱਲੋਂ ਰਣਬੀਰ ਸਿੰਘ ਖੱਟੜਾ ਵਿਰੁੱਧ ਸ਼ਿਕਾਇਤ 'ਤੇ ਗੱਲ ਕਰਦੇ ਹੋਏ ਰਾਜੂ ਨੇ ਦੱਸਿਆ ਕਿ ਉਹ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਮਦਦ ਨਹੀਂ ਕਰ ਰਹੇ ਹਨ। ਇਸ ਦੀ ਰਿਪੋਰਟ ਚੀਫ਼ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਜਾਵੇਗੀ।
ਲੋਕ ਇਨਸਾਫ ਪਾਰਟੀ ਦੇ ਵੱਲੋਂ ਐਸਡੀਐਮ ਜਗਰਾਉਂ ਦੇ ਖਿਲਾਫ ਦਿੱਤੀ ਗਈ ਸ਼ਿਕਾਇਤ 'ਤੇ ਡਾ. ਰਾਜੂ ਨੇ ਕਿਹਾ ਕਿ ਐਸਡੀਐਮ ਦੇ ਉੱਤੇ ਦੋਸ਼ ਸੀ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਗਿਆ ਹੈ ਜਿਸ 'ਤੇ ਐਸਡੀਐਮ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਕੋਲ ਕੋਈ ਵੀ ਗ੍ਰਾਂਟ ਨਹੀਂ ਆਈ ਹੈ।
ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਐਸਐਚ ਪ੍ਰੇਮ ਸਿੰਘ ਦੇ ਖ਼ਿਲਾਫ਼ ਸ਼ਿਕਾਇਤ ਦੀ ਰਿਪੋਰਟ ਵੀ ਡਾ. ਰਾਜੂ ਕੋਲ ਆ ਚੁੱਕੀ ਹੈ। ਉਨ੍ਹਾਂ ਇਸ ਸ਼ਿਕਾਇਤ 'ਤੇ ਕਿਹਾ ਕਿ ਰਿਪੋਰਟ ਵਿੱਚ ਜੋ ਵੀ ਗੱਲ ਕਹੀ ਗਈ ਹੈ, ਜੇ ਉਸ ਦੀ ਸ਼ਿਕਾਇਤ ਸਾਂਝੇ ਤੌਰ 'ਤੇ ਆਉਂਦੀ ਹੈ ਤਾਂ ਉਹ ਕਾਰਵਾਈ ਜ਼ਰੂਰ ਕਰਨਗੇ।
ਡਾ. ਚੀਮਾ ਦੀ ਸ਼ਿਕਾਇਤ ਤੇ ਬੋਲਦੇ ਹੋਏ ਡਾ. ਰਾਜੂ ਨੇ ਕਿਹਾ ਕਿ ਡੀਸੀ ਦੇ ਕੋਲ ਰਿਪੋਰਟ ਆਈ ਸੀ ਪਰ ਡੀਸੀ ਉਨ੍ਹਾਂ ਦੀ ਰਿਪੋਰਟ ਤੋਂ ਖੁਸ਼ ਨਹੀਂ ਸੀ। ਇਸ ਕਰਕੇ ਡੀ.ਸੀ. ਵੱਲੋਂ ਦੁਬਾਰਾ ਰਿਪੋਰਟ ਮੰਗੀ ਗਈ ਹੈ। ਜਲਦ ਹੀ ਉਹ ਰਿਪੋਰਟ ਉਨ੍ਹਾਂ ਕੋਲ ਆ ਜਾਏਗੀ। ਇਸ ਤੋਂ ਬਾਅਦ ਉਹ ਆਪਣੇ ਵਿਚਾਰ ਇਲੈਕਸ਼ਨ ਕਮਿਸ਼ਨ ਨੂੰ ਭੇਜ ਦੇਣਗੇ।
ਜਸਜੀਤ ਕੌਰ ਨੇ ਕੌਮਾਂਤਰੀ ਮਾਰਸ਼ਲ ਆਰਟ ਚੈਂਪੀਅਨਸ਼ਿਪ 'ਚ ਚਮਕਾਇਆ ਭਾਰਤ ਦਾ ਨਾਂਅ