ਚੰਡੀਗੜ੍ਹ: ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਸ 'ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਕੜਾ ਰੁੱਖ ਅਪਣਾਉਂਦਿਆਂ ਹੋਇਆਂ ਸਖ਼ਤ ਨਿਯਮ ਬਣਾਏ ਗਏ ਹਨ। ਇਸ ਤਹਿਤ ਸਿੱਖਿਆ ਮੰਤਰੀ ਨੇ 3 ਸਾਲ ਤੱਕ ਵਰਦੀਆਂ ਨਾ ਬਦਲਣ ਦਾ ਆਦੇਸ਼ ਦਿੱਤਾ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਹਰ ਸਕੂਲ ਦੀਆਂ ਕਿਤਾਬਾਂ ਤੇ ਵਰਦੀਆਂ ਦੀ ਲਿਸਟ ਵੈਬਸਾਈਟ 'ਤੇ ਦੱਸੀ ਜਾਵੇਗੀ, ਤੇ ਵਿਦਿਆਰਥੀ ਆਪਣੀ ਮਰਜ਼ੀ ਨਾਲ ਕਿਤਾਬਾਂ ਕਿਸੇ ਵੀ ਦੁਕਾਨ ਤੋਂ ਖ਼ਰੀਦ ਸਕਣਗੇ। ਉੱਥੇ ਹੀ ਉਨ੍ਹਾਂ ਨੇ ਸਕੂਲ ਦੇ ਲੋਗੇ ਦੀ ਗੱਲ ਕਰਦਿਆਂ ਕਿਹਾ ਕਿ ਉਹ ਸਕੂਲ ਤੋਂ ਹੀ ਮਿਲੇਗਾ ਤੇ ਬਾਅਦ 'ਚ ਯੂਨੀਫ਼ਾਰਮ 'ਤੇ ਲਗਾਇਆ ਜਾਵੇਗਾ।
ਵਿਜੈ ਇੰਦਰ ਸਿੰਗਲਾ ਨੇ ਦਸਿਆ ਕਿ ਸਕੂਲ ਦੀ ਵਰਦੀ 3 ਸਾਲ ਤੱਕ ਨਹੀਂ ਬਦਲੀ ਜਾਵੇਗੀ ਜੇ ਕੋਈ ਸਕੂਲ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਨਿਜੀ ਸਕੂਲਾਂ ਦੀ ਮਨਮਾਨੀ ਰੋਕਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ, ਜੇਕਰ ਇਹ ਲਾਗੂ ਹੁੰਦਾ ਹੈ ਤਾਂ ਵਿਦਿਆਰਥੀਆਂ ਦੇ ਮਾਪਿਆਂ ਲਈ ਇਹ ਰਾਹਤ ਦੀ ਖ਼ਬਰ ਹੋ ਸਕਦੀ ਹੈ।