ਚੰਡੀਗੜ੍ਹ: ਪੰਜਾਬ ਸਰਕਾਰ ਜਿੱਥੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡ ਕੇ ਆਪਣਾ ਚੋਣ ਵਾਅਦਾ ਪੂਰਾ ਕਰਨ ਦੀਆਂ ਗੱਲਾਂ ਕਰ ਰਹੀ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਪੰਜਾਬ ਸਰਕਾਰ ਦੀ ਡੰਗ ਟਪਾਊ ਰਾਜਨੀਤੀ ਦੱਸਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਸਮਾਰਟ ਫੋਨ ਦੇਣਗੇ। ਨੌਜਵਾਨਾਂ ਕੋਲੋਂ ਫਾਰਮ ਵੀ ਭਰਵਾਏ ਗਏ ਸਨ ਪਰ ਹੁਣ ਇਹ ਸਮਾਰਟਫੋਨ ਸਿਰਫ਼ ਕੁਝ ਕੁ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਰਕੇ ਸਰਕਾਰ 'ਤੇ ਧੋਖਾਧੜੀ ਦਾ ਪਰਚਾ ਹੋਣਾ ਚਾਹੀਦਾ ਹੈ।
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇੱਕ ਨਵੇਂ ਤਰੀਕੇ ਦਾ ਟ੍ਰੈਂਡ ਕਾਂਗਰਸ ਲੈ ਕੇ ਆਈ ਸੀ ਅਤੇ ਨੌਜਵਾਨਾਂ ਨੂੰ ਵਿਸ਼ਵਾਸ ਦੁਆਇਆ ਸੀ ਕਿ ਤੁਹਾਨੂੰ ਅਸੀਂ ਸਮਾਰਟਫੋਨ ਦਵਾਂਗੇ ਤੁਸੀਂ ਫਾਰਮ ਭਰ ਦਿਉ। ਪਰ ਹੁਣ ਜਿਨ੍ਹਾਂ ਨੇ ਫਾਰਮ ਭਰੇ ਸਨ ਉਹ ਖ਼ੁਦ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ ਇਸ ਲਈ ਉਨ੍ਹਾਂ 'ਤੇ ਸਿੱਧਾ 420 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਖ਼ਰੀ ਸਾਲ ਵਿੱਚ ਵੀ ਜੇ ਉਹ ਆਪਣਾ ਵਾਅਦਾ ਪੂਰਾ ਕਰ ਲੈਣ ਤਾਂ ਉਹ ਨੌਜਵਾਨ ਸਰਕਾਰ ਤੋਂ ਸਹਿਮਤ ਹੋਣਗੇ। ਪਰ ਸਰਕਾਰ ਇਸ ਵੇਲੇ ਸਿਰਫ ਡੰਗ ਟਪਾਊ ਰਾਜਨੀਤੀ ਹੀ ਕਰ ਰਹੀ ਹੈ ।